ਬਾਬਾ ਫ਼ਰੀਦ ਯੂਨੀਵਰਸਿਟੀ ਦੀ ਸਖ਼ਤੀ
ਜਸਵੰਤ ਜੱਸ
ਫ਼ਰੀਦਕੋਟ, 10 ਅਗਸਤ
ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਅਧੀਨ ਚੱਲ ਰਹੇ ਪਠਾਨਕੋਟ ਦੇ ਮਾਤਾ ਚਿੰਤਪੁਰਨੀ ਮੈਡੀਕਲ ਕਾਲਜ ਵਿੱਚ ਐਤਕੀਂ ਐੱਮਬੀਬੀਐੱਸ 150 ਸੀਟਾਂ ਖ਼ਾਲੀ ਰਹਿਣ ਦਾ ਖ਼ਦਸ਼ਾ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸੂਤਰਾਂ ਅਨੁਸਾਰ ਉਕਤ ਮੈਡੀਕਲ ਕਾਲਜ, ਮੈਡੀਕਲ ਕੌਂਸਲ ਆਫ ਇੰਡੀਆ ਅਤੇ ਯੂਨੀਵਰਸਿਟੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ। ਇਸ ਕਰਕੇ ਚਿੰਤਪੁਰਨੀ ਕਾਲਜ ਵਿੱਚ ਐਤਕੀਂ ਐੱਮਬੀਬੀਐੱਸ ਲਈ ਦਾਖਲਿਆਂ ’ਤੇ ਰੋਕ ਲਾਈ ਗਈ ਹੈ। ਪੰਜਾਬ ਵਿੱਚ ਕੁੱਲ 12 ਮੈਡੀਕਲ ਕਾਲਜ ਹਨ ਜਿਨ੍ਹਾਂ ਵਿੱਚੋਂ ਛੇ ਸਰਕਾਰੀ ਅਤੇ ਛੇ ਪ੍ਰਾਈਵੇਟ ਕਾਲਜ ਹਨ। ਮੈਡੀਕਲ ਕੌਂਸਲ ਆਫ ਇੰਡੀਆ ਨੇ ਇਨ੍ਹਾਂ ਕਾਲਜਾਂ ਨੂੰ 1550 ਐੱਮਬੀਬੀਐੱਸ ਦੀਆਂ ਸੀਟਾਂ ਅਲਾਟ ਕੀਤੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ 150 ਸੀਟਾਂ ਚਿੰਤਪੁਰਨੀ ਮੈਡੀਕਲ ਕਾਲਜ ਦੇ ਕੋਟੇ ਵਿੱਚ ਆਉਂਦੀਆਂ ਹਨ। ਮੌਜੂਦਾ ਸਮੇਂ ਆਸਟਰੇਲੀਆ ਤੇ ਕੈਨੇਡਾ ਵਿੱਚ ਪੜ੍ਹਾਈ ਦੇ ਨੇਮਾਂ ਵਿੱਚ ਸਖ਼ਤੀ ਹੋਣ ਐਤਕੀਂ ਵਿਦਿਆਰਥੀਆਂ ਦਾ ਮੈਡੀਕਲ ਕਾਲਜਾਂ ਵਿੱਚ ਰੁਝਾਨ ਵਧਿਆ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਦੇ ਕੌਂਸਲਿੰਗ ਰਿਕਾਰਡ ਮੁਤਾਬਕ ਚਿੰਤਪੁਰਨੀ ਮੈਡੀਕਲ ਕਾਲਜ ਦੀਆਂ 150 ਸੀਟਾਂ ਵੀ ਭਰੀਆਂ ਜਾ ਸਕਦੀਆਂ ਸਨ ਜੇ ਉਹ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰ ਦੇਣ। ਚਿੰਤਪੁਰਨੀ ਮੈਡੀਕਲ ਕਾਲਜ ਵਿੱਚ ਐੱਮਬੀਬੀਐੱਸ ਦੇ ਦਾਖ਼ਲਿਆਂ ’ਤੇ ਰੋਕ ਲੱਗਣ ਤੋਂ ਬਾਅਦ ਇੱਥੇ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ ਕਿਉਂਕਿ ਯੂਨੀਵਰਸਿਟੀ ਆਖ਼ਰੀ ਗੇੜ ਦੀ ਕੌਂਸਲਿੰਗ ਵੀ ਮੁਕੰਮਲ ਕਰ ਚੁੱਕੀ ਹੈ। ਚਿੰਤਪੁਰਨੀ ਕਾਲਜ ਵਿਚ ਦਾਖਲਿਆਂ ’ਤੇ ਰੋਕ ਲਾਉਣ ਮਗਰੋਂ ਬਾਬਾ ਯੂਨੀਵਰਸਿਟੀ ਇਸ ਦੇ ਸੰਭਾਵੀ ਉਮੀਦਵਾਰਾਂ ਦੇ ਭਵਿੱਖ ਬਾਰੇ ਵੀ ਆਉਣ ਵਾਲੇ ਦਿਨਾਂ ਵਿੱਚ ਫੈਸਲਾ ਲਵੇਗੀ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਹੋਰ ਕਿਸ ਕਾਲਜ ਵਿੱਚ ਭੇਜਿਆ ਜਾ ਸਕਦਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਬਾਬਾ ਫ਼ਰੀਦ ਯੂਨੀਵਰਸਿਟੀ ਪਹਿਲਾਂ ਵੀ ਚਿੰਤਪੁਰਨੀ ਕਾਲਜ ਨੂੰ ਐੱਮਬੀਬੀਐੱਸ ਦੀਆਂ ਸੀਟਾਂ ਭਰਨ ਤੋਂ ਰੋਕ ਚੁੱਕੀ ਹੈ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਹੋਰਨਾਂ ਕਾਲਜਾਂ ਵਿੱਚ ਐਡਮਿਸ਼ਨ ਦਿੱਤੀ ਗਈ ਸੀ। ਚਿੰਤਪੁਰਨੀ ਕਾਲਜ ਦਾ ਵਿਵਾਦ ਪੈਦਾ ਹੋਣ ਤੋਂ ਬਾਅਦ ਮੈਡੀਕਲ ਕੌਂਸਲ ਆਫ ਇੰਡੀਆ ਨੇ ਪੰਜਾਬ ਦੇ ਬਾਕੀ ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐੱਸ ਦੀਆਂ ਸੀਟਾਂ ਵਧਾ ਦਿੱਤੀਆਂ ਸਨ।
ਸ਼ਰਤਾਂ ਪੂਰੀਆਂ ਕਰਨ ਵਾਲੇ ਕਾਲਜ ਹੀ ਕਰ ਸਕਣਗੇ ਦਾਖਲੇ: ਵੀਸੀ
ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦਨੇ ਕਿਹਾ ਕਿ ਮੈਡੀਕਲ ਕੌਂਸਲ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਮੈਡੀਕਲ ਕਾਲਜਾਂ ਨੂੰ ਹੀ ਐੱਮਬੀਬੀਐੱਸ ਅਤੇ ਬਾਕੀ ਕੋਰਸਾਂ ਲਈ ਦਾਖ਼ਲਿਆਂ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੈਡੀਕਲ ਕਾਲਜ ਜਿਹੜੇ ਯੂਨੀਵਰਸਿਟੀ ਅਧੀਨ ਚੱਲਦੇ ਹਨ ਉੱਥੇ ਮਿਆਰੀ ਸਿੱਖਿਆ ਅਤੇ ਵਿਦਿਆਰਥੀਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਕਾਫੀ ਲੰਬੇ ਸਮੇਂ ਬਾਅਦ ਵਿਦਿਆਰਥੀਆਂ ਵੱਲੋਂ ਐੱਮਬੀਬੀਐੱਸ ਅਤੇ ਹੋਰ ਕੋਰਸਾਂ ਵਿੱਚ ਦਾਖ਼ਲਾ ਲੈਣ ਲਈ ਡੂੰਘੀ ਦਿਲਚਸਪੀ ਦਿਖਾਈ ਗਈ ਹੈ ਕਿਉਂਕਿ ਵਿਦੇਸ਼ਾਂ ਵਿੱਚ ਹੁਣ ਵਿਦਿਆਰਥੀਆਂ ਨੂੰ ਬਾਰ੍ਹਵੀਂ ਦੀ ਥਾਂ ਗਰੈਜੂਏਸ਼ਨ ਕਰਨ ਮਗਰੋਂ ਹੀ ਪੀਆਰ ਅਤੇ ਵਰਕ ਪਰਮਿਟ ਆਦਿ ਮਿਲ ਰਹੇ ਹਨ। ਪੰਜਾਬ ਦੇ ਨੌਂ ਮੈਡੀਕਲ ਕਾਲਜ ਐੱਮਬੀਬੀਐੱਸ ਲਈ ਵਿਦਿਆਰਥੀਆਂ ਦੀ ਐਡਮਿਸ਼ਨ ਦੀ ਪ੍ਰਕਿਰਿਆ ਮੁਕੰਮਲ ਕਰ ਚੁੱਕੇ ਹਨ।