ਪੱਤਰ ਪ੍ਰੇਰਕ
ਕਾਲਾਂਵਾਲੀ, 10 ਅਗਸਤ
ਡੇਰਾ ਜਗਮਾਲਵਾਲੀ ਦੀ ਗੱਦੀ ਦਾ ਵਿਵਾਦ ਅੱਜ ਸੁਲਝ ਗਿਆ ਹੈ। ਡੇਰੇ ਦੀ ਪ੍ਰਬੰਧਕ ਕਮੇਟੀ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਨੇ ਅੱਜ ਡੇਰੇ ਦੇ ਮਹਾਤਮਾ ਬਰਿੰਦਰ ਢਿੱਲੋਂ ਨੂੰ ਦਸਤਾਰ ਸਜਾ ਕੇ ਡੇਰੇ ਦੀ ਗੱਦੀ ਸੌਂਪ ਦਿੱਤੀ ਹੈ। ਗੱਦੀਨਸ਼ੀਨ ਸੰਤ ਬਹਾਦਰ ਚੰਦ ਵਕੀਲ ਦੇ ਅਕਾਲ ਚਲਾਣੇ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ। ਅੱਜ ਗੱਦੀ ਦੇ ਫ਼ੈਸਲੇ ਤੋਂ ਬਾਅਦ ਇਸ ਵਿਵਾਦ ਨੂੰ ਠੱਲ੍ਹ ਪੈਣ ਦੀ ਉਮੀਦ ਬੱਝ ਗਈ ਹੈ। ਡੇਰਾ ਕਮੇਟੀ ਤੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਅੱਜ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ ਜਗਮਾਲਵਾਲੀ ’ਚ ਹੋਈ। ਮੀਟਿੰਗ ਵਿੱਚ ਡੇਰੇ ਦੀ ਗੱਦੀ ਸੌਂਪਣ ਦੀ ਪਰੰਪਰਾ ਦੀ ਪਾਲਣਾ ਕਰਨ ਸਬੰਧੀ ਚਰਚਾ ਕੀਤੀ ਗਈ। ਡੇਰੇ ਦੇ ਅਹੁਦੇਦਾਰਾਂ ਤੇ ਟਰੱਸਟੀਆਂ ਨੇ ਸੰਤ ਬਹਾਦਰ ਚੰਦ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਉਨ੍ਹਾਂ ਦੀ ਇੱਛਾ ਅਨੁਸਾਰ ਗੱਦੀ ਮਹਾਤਮਾ ਬਰਿੰਦਰ ਨੂੰ ਸੌਂਪਣ ਦਾ ਫ਼ੈਸਲਾ ਲਿਆ।