ਲਖਨਊ, 11 ਅਗਸਤ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਸਾਰੀਆਂ 10 ਵਿਧਾਨ ਸਭਾ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇਗੀ। ਇਨ੍ਹਾਂ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਸਬੰਧੀ ਬਸਪਾ ਮੁਖੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਸਮੀਖਿਆ ਮੀਟਿੰਗ ਵੀ ਕੀਤੀ। ਇਸ ਦੌਰਾਨ ਬਸਪਾ ਮੁਖੀ ਨੇ ਭਾਜਪਾ ’ਤੇ ਲੋਕਾਂ ’ਚ ਵੰਡ ਪਾਉਣ ਲਈ ਸਾਜ਼ਿਸ਼ਾਂ ਘੜਨ ਦਾ ਦੋਸ਼ ਵੀ ਲਗਾਇਆ। ਚੋਣ ਕਮਿਸ਼ਨ ਵੱਲੋਂ ਕਰਹਾਲ, ਮਿਲਕੀਪੁਰ, ਕਟੇਹਾਰੀ, ਕੁੰਦਰਕੀ, ਗਾਜ਼ੀਆਬਾਦ, ਖੈਰ, ਮੀਰਾਪੁਰ, ਫੂਲਪੁਰ, ਮਝਵਾਂ ਅਤੇ ਸੀਸਾਮਊ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਸ਼ਡਿਊਲ ਅਜੇ ਜਾਰੀ ਕੀਤਾ ਜਾਣਾ ਬਾਕੀ ਹੈ। ਇੱਥੇ ਇਕ ਬਿਆਨ ਜਾਰੀ ਕਰ ਕੇ ਪਾਰਟੀ ਨੇ ਕਿਹਾ ਕਿ ਬਸਪਾ ਦੀ ਸੂਬਾ ਇਕਾਈ ਦੇ ਸਾਰੇ ਸੀਨੀਅਰ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕਰ ਕੇ ਮਾਇਆਵਤੀ ਨੇ ਆਗਾਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। -ਪੀਟੀਆਈ