ਪੱਤਰ ਪ੍ਰੇਰਕ
ਨੂਰਪੁਰ ਬੇਦੀ, 11 ਅਗਸਤ
ਹਿਮਾਚਲ ਪ੍ਰਦੇਸ਼ ਵਿੱਚ ਪਏ ਭਰਵੇਂ ਮੀਂਹ ਤੋਂ ਬਾਅਦ ਦੁਪਹਿਰ ਮਗਰੋਂ ਇੱਥੇ ਸੁਆਂ ਨਦੀ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਹੈ। ਬੀਬੀਐਮਬੀ ਨੇ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਪਾਣੀ ਦਾ ਵਹਾਅ ਘਟਾ ਦਿੱਤਾ ਹੈ। ਸੁਆਂ ਨਦੀ ਵਿੱਚ ਆਏ ਪਾਣੀ ਨੇ ਐਲਗਰਾਂ ਨਦੀ ’ਤੇ ਬਣੇ ਪੱਕੇ ਪੁਲ ਦੇ ਦੋ ਪਿੱਲਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਨਦੀ ’ਤੇ ਪਾਇਆ ਆਰਜ਼ੀ ਪੁਲ ਵੀ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਿਆ ਹੈ। ਹੁਣ ਨੰਗਲ ਤੇ ਹਿਮਾਚਲ ਪ੍ਰਦੇਸ਼ ਦੇ ਖੇਤਰਾਂ ਨੂੰ ਜਾਣ ਵਾਲਾ ਰਸਤਾ ਬੰਦ ਹੋ ਗਿਆ ਹੈ। ਸੁਆਂ ਨਦੀ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਦੀ ਫ਼ਸਲਾਂ ਡੁੱਬ ਗਈਆਂ ਹਨ।