ਨਵੀਂ ਦਿੱਲੀ: ਮੈਡੀਕਲ ਸਾਇੰਸ ’ਚ ਕੌਮੀ ਪ੍ਰੀਖਿਆ ਬੋਰਡ ਵੱਲੋਂ ਅੱਜ ਦੇਸ਼ ਦੇ 170 ਸ਼ਹਿਰਾਂ ’ਚ 416 ਕੇਂਦਰਾਂ ’ਤੇ ਨੀਟ-ਪੀਜੀ-2024 ਸਫਲਤਾ ਨਾਲ ਕਰਵਾਈ ਗਈ। ਨੀਟ-ਪੀਜੀ ਇੱਕ ਮੈਡੀਕਲ ਦਾਖਲਾ ਪ੍ਰੀਖਿਆ ਹੈ। ਇਹ ਪ੍ਰੀਖਿਆ ਪਹਿਲਾਂ 23 ਜੂਨ ਨੂੰ ਹੋਣੀ ਸੀ ਪਰ ਪ੍ਰੀਖਿਆਵਾਂ ’ਚ ਗੜਬੜੀਆਂ ਦੇ ਦੋਸ਼ਾਂ ਦੇ ਮੱਦੇਨਜ਼ਰ ਇਸ ਨੂੰ ਇਹਤਿਆਤ ਵਜੋਂ ਮੁਲਤਵੀ ਕਰ ਦਿੱਤਾ ਗਿਆ ਸੀ। ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਪ੍ਰੀਖਿਆ ਇੱਕ ਹੀ ਦਿਨ ’ਚ ਦੋ ਸ਼ਿਫਟਾਂ ’ਚ ਕਰਵਾਈ ਗਈ ਤਾਂ ਜੋ ਪ੍ਰੀਖਿਆ ਲਈ ਸਭ ਤੋਂ ਚੰਗੇ ਕੇਂਦਰਾਂ ਦੀ ਚੋਣ ਕੀਤੀ ਜਾ ਸਕੇ। -ਪੀਟੀਆਈ