ਕੰਪਾਲਾ, 11 ਅਗਸਤ
ਯੂਗਾਂਡਾ ਦੀ ਰਾਜਧਾਨੀ ਵਿੱਚ ਕੂੜੇ ਦਾ ਢੇਰ ਢਹਿਣ ਕਾਰਨ ਘੱਟੋ-ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੰਪਾਲਾ ਕੈਪੀਟਲ ਸਿਟੀ ਅਥਾਰਿਟੀ ਨੇ ਇਕ ਬਿਆਨ ਵਿੱਚ ਦੱਸਿਆ ਕਿ ਅੱਜ ਦੇਰ ਰਾਤ ਕਿਟੀਜ਼ੀ ਵਿੱਚ ਕੂੜੇ ਦਾ ਢੇਰ ਢਹਿਣ ਕਾਰਨ ਜਿੱਥੇ ਕਰੀਬ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਉੱਥੇ ਹੀ ਘੱਟੋ-ਘੱਟ 14 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਕਿਟੀਜ਼ੀ, ਕੰਪਾਲਾ ਦੇ ਜ਼ਿਆਦਾਤਰ ਹਿੱਸੇ ਵਿੱਚੋਂ ਨਿਕਲਣ ਵਾਲੇ ਕੂੜੇ ਦਾ ਨਿਬੇੜਾ ਕਰਨ ਵਾਲਾ ਸਥਾਨ ਹੈ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਘਟਨਾ ਸਥਾਨ ’ਤੇ ਬਚਾਅ ਟੀਮਾਂ ਅੱਜ ਕੂੜੇ ਦੇ ਢੇਰ ਵਿੱਚ ਫਸੀਆਂ ਹੋਈਆਂ ਲਾਸ਼ਾਂ ਨੂੰ ਕੱਢਣ ਲਈ ਖੁਦਾਈ ਵਿੱਚ ਜੁਟੀਆਂ ਹੋਈਆਂ ਹਨ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। -ਏਪੀ