ਮੁਖਤਿਆਰ ਪੂਹਲਾ
ਜਦੋਂ 12 ਅਗਸਤ ਨੂੰ ਮਹਿਲ ਕਲਾਂ ਘੋਲ ਦੀ 27ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਤਾਂ ਇਹ ਚੇਤੇ ਕਰਦਿਆਂ ਹਰ ਇਨਸਾਫ਼ਪਸੰਦ ਸ਼ਖ਼ਸ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਕਿ ਲਗਾਤਾਰ 25 ਸਾਲ ਚੱਲੇ ਇਸ ਸੰਘਰਸ਼ ਨੇ ਅਨੇਕ ਦੁਸ਼ਵਾਰੀਆਂ ਦਾ ਟਾਕਰਾ ਕਰਦੇ ਹੋਏ ਸਫ਼ਲਤਾ ਹਾਸਿਲ ਕੀਤੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੇ ਸਰਕਾਰੇ-ਦਰਬਾਰੇ ਆਪਣੀ ਪੁੱਗਤ ਹੋਣ ਕਰ ਕੇ ਸੋਚਿਆ ਨਹੀਂ ਸੀ ਕਿ ਉਨ੍ਹਾਂ ਨੂੰ ਆਪਣੇ ਵਹਿਸ਼ੀ ਕਾਰੇ ਦੀ ਵੱਡੀ ਕੀਮਤ ਤਾਰਨੀ ਪਵੇਗੀ। ਹਰ ਸਿਆਸੀ ਪਾਰਟੀ ਦੇ ਵੱਡੇ ਆਗੂਆਂ, ਥਾਣੇ ਤੋਂ ਲੈ ਕੇ ਉੱਚ ਅਫਸਰਾਂ ਅਤੇ ਵਜ਼ੀਰਾਂ ਤੱਕ ਉਨ੍ਹਾਂ ਦੀ ਮਿੱਤਰ ਮੰਡਲੀ ਵਿੱਚ ਸਨ।
ਸਕੂਲੀ ਬੱਚੀ ਕਿਰਨਜੀਤ ਕੌਰ ਨਾਲ ਘਿਨਾਉਣਾ ਕਾਰਾ ਕਰਦੇ ਸਮੇਂ ਵੀ ਉਨ੍ਹਾਂ ਨੂੰ ਲੱਗਦਾ ਹੋਵੇਗਾ ਕਿ ਇਸ ਬੱਚੀ ਦੀ ਚੀਕ-ਪੁਕਾਰ ਵੀ ਉਨ੍ਹਾਂ ਦੀ ਹਕੂਮਤੀ ਸ਼ਕਤੀ ਦੀ ਭਾਰੀ ਢਾਲ ਹੇਠ ਦਬ ਜਾਵੇਗੀ ਪਰ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ। ਉਨ੍ਹਾਂ ਨੂੰ ਨਾ ਸਿਰਫ਼ ਬਹਾਦਰ ਲੜਕੀ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਬਲਕਿ ਉਨ੍ਹਾਂ ਦੀ ਸਾਜ਼ਿਸ਼ ਦਾ ਧੁਰਾ ਲੱਭ ਕੇ ਉਨ੍ਹਾਂ ਦੀ ਤਾਕਤ ਦੇ ਬੁਰਜ ਨੂੰ ਢਾਹ-ਢੇਰੀ ਕਰਨ ਵਾਲੀ ਲੋਕ ਤਾਕਤ ਦੇ ਸਨਮੁੱਖ ਵੀ ਹੋਣਾ ਪਿਆ। ਉਨ੍ਹਾਂ ਦਾ ਕੁਕਰਮ ਜੱਗ ਜ਼ਾਹਿਰ ਹੋਣ ਅਤੇ ਇਸ ਵਿਰੁੱਧ ਲੋਕ ਰੋਹ ਖੌਲ ਉੱਠਣ ਤੋਂ ਬਾਅਦ ਵੀ ਇਨ੍ਹਾਂ ਲੋਕਾਂ ਨੇ ਵਾਰ-ਵਾਰ ਲੋਕ ਤਾਕਤ ਨੂੰ ਡੰਗਣ ਦੀ ਕੋਸ਼ਿਸ਼ ਕੀਤੀ ਪਰ ਅੰਤਿਮ ਤੌਰ ’ਤੇ ਲੋਕ ਤਾਕਤ ਅੱਗੇ ਨਿੱਸਲ ਹੋਣਾ ਪਿਆ।
ਮਹਿਲ ਕਲਾਂ ਘੋਲ ਦੀਆਂ ਜਿੱਤਾਂ ਦੇ ਬਾਵਜੂਦ ਪੰਜਾਬ ਅਤੇ ਭਾਰਤ ਅੰਦਰ ਔਰਤਾਂ ਖ਼ਿਲਾਫ਼ ਜਬਰ ਦਾ ਮਸਲਾ ਸਮਾਪਤ ਨਹੀਂ ਹੋਇਆ। ਮਹਿਲ ਕਲਾਂ ਘੋਲ ਸਮੇਂ ਇਹ ਕੋਈ ਪਹਿਲਾ ਮਸਲਾ ਨਹੀਂ ਸੀ ਅਤੇ ਇਸ ਦੇ ਸਮਾਪਤ ਹੋਣ ’ਤੇ ਇਹ ਆਖ਼ਿਰੀ ਮਸਲਾ ਵੀ ਨਹੀਂ। 2022 ਵਿੱਚ ਜਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਦੀ ਰਿਪੋਰਟ ਮੁਤਾਬਿਕ, ਔਰਤਾਂ ਨਾਲ ਕੀਤੇ ਜੁਰਮਾਂ ਦੇ 4,45,256 ਮਾਮਲੇ ਦਰਜ ਹੋਏ; 2012 ਵਿੱਚ ਇਹ ਗਿਣਤੀ 2,44,270 ਸੀ। 2012 ਵਿੱਚ ਜਬਰ-ਜਨਾਹ ਦੇ ਕੁੱਲ ਮਾਮਲੇ 24923 ਦਰਜ ਕੀਤੇ ਗਏ; ਪਿਛਲੇ 10 ਸਾਲਾਂ ਵਿੱਚ ਵਧ ਕੇ 2022 ਵਿੱਚ 31516 ਹੋ ਗਏ। ਇਨ੍ਹਾਂ ਵਿੱਚ 1000 ਮਾਮਲੇ ਨਾਬਾਲਗ ਬੱਚਿਆਂ ਅਤੇ 87 ਮਾਮਲੇ 60 ਸਾਲ ਤੋਂ ਉੱਪਰ ਦੀਆਂ ਬਜ਼ੁਰਗ ਔਰਤਾਂ ਨਾਲ ਜਬਰ-ਜਨਾਹ ਦੇ ਹਨ। 2022 ਦੀ ਰਿਪੋਰਟ ਮੁਤਾਬਿਕ ਭਾਰਤ ਵਿੱਚ ਹਰ 16 ਮਿੰਟਾਂ ’ਤੇ ਬਲਾਤਕਾਰ ਦੀ ਘਟਨਾ ਵਾਪਰਦੀ ਹੈ ਜੋ ਹਰ ਦਿਨ ਵਾਪਰਨ ਵਾਲੇ 90 ਮਾਮਲੇ ਬਣਦੇ ਹਨ। 2022 ਦੀ ਹੀ ਰਿਪੋਰਟ ਮੁਤਾਬਿਕ ਭਾਰਤ ਵਿੱਚ ਸਮੂਹਕ ਜਬਰ-ਜਨਾਹ ਮਗਰੋਂ ਕਤਲ ਕਰ ਦੇਣ ਦੇ 248 ਮਾਮਲੇ ਦਰਜ ਕੀਤੇ ਗਏ।
ਨਾਲ ਹੀ ਹਕੀਕਤ ਇਹ ਵੀ ਹੈ ਕਿ 9 ਜੂਨ 2024 ਨੂੰ ਸਹੁੰ ਚੁੱਕਣ ਵਾਲੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਵਜ਼ਾਰਤ ਦੇ 39 ਫੀਸਦੀ ਵਜ਼ੀਰਾਂ ਖ਼ਿਲਾਫ ਫੌਜਦਾਰੀ ਮੁਕੱਦਮੇ ਦਰਜ ਹਨ। ਚੋਣ ਅਧਿਕਾਰ ਸੰਗਠਨ, ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ ਦੇ ਵਿਸ਼ਲੇਸ਼ਣ ਅਨੁਸਾਰ ਨਵੇਂ ਚੁਣੇ 543 ਲੋਕ ਸਭਾ ਮੈਂਬਰਾਂ ਵਿੱਚੋਂ 251 (46 ਫੀਸਦੀ) ਖ਼ਿਲਾਫ਼ ਫੌਜਦਾਰੀ ਮੁਕੱਦਮੇ ਹਨ। ਐੱਨਸੀਬੀਆਰ ਦੀ ਭਾਰਤ ਅੰਦਰ ਜੁਰਮ (2021) ਦੀ ਰਿਪੋਰਟ ਅਨੁਸਾਰ, ਦਲਿਤ ਅਤੇ ਅਨੁਸੂਚਿਤ ਕਬੀਲੇ ਦੀਆਂ ਔਰਤਾਂ ਨਾਲ ਜਬਰ-ਜਨਾਹ ਦੇ ਕ੍ਰਮਵਾਰ 3516 ਅਤੇ 1228 ਮਾਮਲੇ ਦਰਜ ਕੀਤੇ ਗਏ। 611 ਔਰਤਾਂ ਉੱਤੇ ਉਨ੍ਹਾਂ ਦੀ ਅਜ਼ਮਤ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਕਰਨ ਦੇ ਮਾਮਲੇ ਅਤੇ ਹੋਰ ਅਪਰਾਧ ਹੋਏ। ਬੀਬੀਸੀ ਦੀ 17 ਜੁਲਾਈ 2011 ਦੀ ਰਿਪੋਰਟ ਅਨੁਸਾਰ, ਔਰਤਾਂ ਖ਼ਿਲਾਫ਼ ਜਬਰ ਜ਼ੁਲਮ ਦੀਆਂ 9 ਘਟਨਾਵਾਂ ਵਿੱਚੋਂ ਸਿਰਫ ਇੱਕ ਹੀ ਪੁਲੀਸ ਕੋਲ ਦਰਜ ਹੁੰਦੀ ਹੈ। ਜਿਨਸੀ ਹਿੰਸਾ ਦਾ ਸ਼ਿਕਾਰ ਹੋਈਆਂ 10% ਤੋਂ ਵੀ ਘੱਟ ਔਰਤਾਂ ਨੇ ਪੁਲੀਸ ਤੋਂ ਮਦਦ ਲਈ। ਔਰਤਾਂ ਖ਼ਿਲਾਫ਼ ਦਰਜ ਕੇਸਾਂ ਵਿੱਚੋਂ ਸਿਰਫ਼ 26.5% ਦਾ ਹੀ ਫੈਸਲਾ ਹੋਇਆ।
ਔਰਤਾਂ ਖ਼ਿਲਾਫ਼ ਘਿਨਾਉਣੇ ਅਪਰਾਧਾਂ ਦਾ ਸਰਕਾਰੀ ਵੇਰਵਾ ਇਸ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰਦਾ ਕਿਉਂਕਿ ਬਹੁਤ ਸਾਰੀਆਂ ਮੁਜਰਮਾਨਾ ਕਾਰਵਾਈਆਂ ਸਰਕਾਰੀ ਰਿਕਾਰਡ ਦਾ ਹਿੱਸਾ ਨਹੀਂ ਬਣਦੀਆਂ। ਇਹ ਹਾਲਤ ਦਰਸਾਉਂਦੀ ਹੈ ਕਿ ਔਰਤਾਂ ਖ਼ਿਲਾਫ਼ ਆਚਰਨ ਦਾ ਮਸਲਾ ਅਤੇ ਸਮਾਜ ਦੀਆਂ ਕਦਰਾਂ-ਕੀਮਤਾਂ ਨਾਲ ਜੁੜਿਆ ਹੋਇਆ ਹੈ। ਪਿੱਤਰ ਸੱਤਾ ਅਤੇ ਸਾਮਰਾਜੀ ਸਭਿਆਚਾਰ ਔਰਤ ਵਰਗ ਦੇ ਦੁਸ਼ਮਣ ਹਨ। ਪਿੱਤਰ ਸੱਤਾ ਔਰਤ ਨੂੰ ਵਸਤ ਸਮਝ ਕੇ ਉਸ ਦੇ ਸਰੀਰ ਉੱਪਰ ਆਪਣਾ ਹੱਕ ਸਮਝਦੀ ਹੈ ਅਤੇ ਸਾਮਰਾਜੀ ਸਭਿਆਚਾਰ ਉਸ ਦੇ ਸਰੀਰ ਦੀ ਨੁਮਾਇਸ਼ ਲਾ ਕੇ ਇਜਾਰੇਦਾਰ ਘਰਾਣਿਆਂ ਦੇ ਕਾਰੋਬਾਰਾਂ ਤੇ ਮੁਨਾਫ਼ਿਆਂ ਦਾ ਵਧਾਰਾ ਕਰਦਾ ਹੈ। ਔਰਤਾਂ ਖ਼ਿਲਾਫ਼ ਜ਼ੁਲਮਾਂ ਦੀ ਕਾਲੀ ਰਾਤ ਖ਼ਤਮ ਕਰਨ ਲਈ ਨਾ ਸਿਰਫ਼ ਔਰਤਾਂ ਖ਼ਿਲਾਫ਼ ਅੱਤਿਆਚਾਰ ਕਰਨ ਵਾਲਿਆਂ ਖ਼ਿਲਾਫ਼ ਲੜਨ ਦੀ ਜ਼ਰੂਰਤ ਹੈ ਬਲਕਿ ਸਮੁੱਚੀ ਮਿਹਨਤਕਸ਼ ਲੋਕਾਈ ਨੂੰ ਇਕੱਠਾ ਹੋਣਾ ਪਵੇਗਾ ਤਾਂ ਹੀ ਡਰ-ਭੈਅ ਤੋਂ ਮੁਕਤ, ਆਜ਼ਾਦੀ ਵਾਲਾ ਨਵਾਂ ਸਵੇਰਾ ਸਾਡੇ ਸਮਾਜ ਦੇ ਬੂਹੇ ’ਤੇ ਰੌਸ਼ਨੀ ਦੀਆਂ ਕਿਰਨਾਂ ਖਿਲਾਰੇਗਾ। ਇਸ ਪੱਖੋਂ ਮਹਿਲ ਕਲਾਂ ਨੇ ਨਾ ਸਿਰਫ਼ ਦੁਸ਼ਮਣ ਖ਼ਿਲਾਫ਼ ਜਿੱਤ ਹਾਸਿਲ ਕੀਤੀ ਸਗੋਂ ਸਮਾਜ ਅੰਦਰ ਨਵੇਂ ਸੁਰਖ ਸਵੇਰੇ ਦਾ ਪੈਗ਼ਾਮ ਦਿੱਤਾ। ਮਹਿਲ ਕਲਾਂ ਘੋਲ ’ਤੇ ਲੋਕਾਂ ਨੂੰ ਮਾਣ ਹੈ।
ਸੰਪਰਕ: 99883-83608