ਨਿੱਜੀ ਪੱਤਰ ਪ੍ਰੇਰਕ
ਮੋਗਾ, 11 ਅਗਸਤ
ਮਾਲ ਪਟਵਾਰੀਆਂ ਦੀ ਕਮੀ ਨਾਲ ਜੂਝ ਰਹੀ ਸਰਕਾਰ ਨੂੰ ਉਨ੍ਹਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ ਹੈ। ਪੰਜਾਬ ਸਰਕਾਰ ਤੇ ਮਾਲ ਪਟਵਾਰੀਆਂ ਵਿਚਾਲੇ ਮੰਗਾਂ ਲਈ ਸਹਿਮਤੀ ਬਣ ਗਈ ਹੈ। ਇਸ ਸਹਿਮਤੀ ਨਾਲ ਮਾਲ ਪਟਵਾਰੀਆਂ ਤੇ ਸਰਕਾਰ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਿਹਾ ਟਕਰਾਅ ਖ਼ਤਮ ਹੋ ਗਿਆ ਹੈ। ਹੁਣ ਰੈਗੂਲਰ ਪਟਵਾਰੀਆਂ ਨੇ ਵਾਧੂ ਹਲਕਿਆਂ ਦਾ ਚਾਰਜ ਸੰਭਾਲ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਮਾਲ ਪਟਵਾਰੀਆਂ ਨੂੰ ਸਟੇਟ ਕੇਡਰ ਖ਼ਤਮ ਕਰਨ ਦਾ ਭਰੋਸਾ ਦੇ ਦਿੱਤਾ ਹੈ, ਜਿਸ ਮਗਰੋਂ ਸੂਬੇ ਦੇ ਵਿਜੀਲੈਂਸ ਵਿਭਾਗ ਦੀ ਰਿਪੋਰਟ ’ਤੇ ਕਈ ਜ਼ਿਲ੍ਹਿਆਂ ਵਿੱਚ ਮਾਲ ਪਟਵਾਰੀਆਂ ਦੇ ਹੋਏ ਅੰਤਰ-ਜ਼ਿਲ੍ਹਾ ਤਬਾਦਲੇ ਰੱਦ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਲ ਪਟਵਾਰੀਆਂ ਨੇ ਸਟੇਟ ਕੇਡਰ ਦੇ ਵਿਰੋਧ ਤੇ ਹੋਰ ਮੰਗਾਂ ਲਈ ਪਹਿਲੀ ਸਤੰਬਰ 2023 ਤੋਂ ਸੂਬੇ ਭਰ ਵਿੱਚ ਵਾਧੂ ਸਰਕਲਾਂ ਦਾ ਕੰਮ ਛੱਡ ਦਿੱਤਾ ਸੀ। ਖਾਲੀ ਪਟਵਾਰ ਸਰਕਲਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਸਨ। ਦਿ ਰੈਵੇਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸੁਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ ਵਿੱਚ ਉਨ੍ਹਾਂ ਨੂੰ ਸਟੇਟ ਕੇਡਰ ਖ਼ਤਮ ਕਰਨ ਦਾ ਭਰੋਸਾ ਦਿੱਤਾ ਤੇ ਹੋਰ ਮੰਗਾਂ ਪ੍ਰਤੀ ਸਹਿਮਤੀ ਪ੍ਰਗਟਾਈ ਹੈ, ਜਿਸ ਮਗਰੋਂ ਉਨ੍ਹਾਂ ਵਾਧੂ ਹਲਕਿਆਂ ਦਾ ਚਾਰਜ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਦੂਜੇ ਪਾਸੇ ਸਰਕਾਰ ਨਾਲ ਪਟਵਾਰੀਆਂ ਦੀ ਸਹਿਮਤੀ ਬਣ ਗਈ ਹੈ ਪਰ ਅਜੇ ਇੱਕ ਪਟਵਾਰੀ ਕੋਲ 2 ਤੋਂ 5 ਪਿੰਡਾਂ ਦਾ ਚਾਰਜ ਹੈ। ਪਟਵਾਰੀ ਨਿੱਜੀ ਤੌਰ ’ਤੇ ‘ਬੰਦੇ’ ਰੱਖ ਕੇ ਮਾਲ ਵਿਭਾਗ ਦੀ ਗੱਡੀ ਤੋਰ ਰਹੇ ਹਨ। ਪਟਵਾਰੀਆਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਕੋਲ ਇੱਕ ਸਰਕਲ ਦਾ ਕੰਮ ਹੋਵੇ ਤਾਂ ਉਨ੍ਹਾਂ ਨੂੰ ਨਿੱਜੀ ਤੌਰ ’ਤੇ ‘ਬੰਦੇ’ ਰੱਖਣ ਦੀ ਲੋੜ ਨਹੀਂ ਹੋਵੇਗੀ।
ਠੇਕੇ ’ਤੇ ਭਰਤੀ ਪਟਵਾਰੀਆਂ ਦੇ ਕਾਰਜਕਾਲ ਵਿੱਚ ਮੁੜ ਵਾਧਾ
ਪੰਜਾਬ ਸਰਕਾਰ ਨੇ ਠੇਕੇ ’ਤੇ ਭਰਤੀ ਕੀਤੇ 400 ਸੇਵਾਮੁਕਤ ਪਟਵਾਰੀਆਂ ਦੇ ਕਾਰਜਕਾਲ ਵਿੱਚ ਛੇ ਮਹੀਨੇ ਦਾ ਵਾਧਾ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਮੁੜ ਭਰਤੀ ਕੀਤੇ ਇਨ੍ਹਾਂ ਪਟਵਾਰੀਆਂ ਦੇ ਕਾਰਜਕਾਲ ਵਿੱਚ ਚੌਥੀ ਵਾਰ ਵਾਧਾ ਕੀਤਾ ਹੈ। ਸਰਕਾਰ ਨੂੰ ਉਮੀਦ ਹੈ ਕਿ 18 ਮਹੀਨੇ ਦੀ ਸਿਖਲਾਈ ਲੈ ਰਹੇ ਨਵੇਂ ਭਰਤੀ ਕੀਤੇ ਪਟਵਾਰੀ ਆਪਣੀ ਟ੍ਰੇਨਿੰਗ ਮਗਰੋਂ ਡਿਊਟੀ ਜੁਆਇਨ ਕਰ ਲੈਣਗੇ, ਜਿਸ ਕਾਰਨ ਮੁੜ ਭਰਤੀ ਕੀਤੇ ਪਟਵਾਰੀਆਂ ਦੇ ਕਾਰਜਕਾਲ ਵਿੱਚ ਵਾਧਾ ਕੀਤਾ ਗਿਆ ਹੈ। ਦਿ ਰੈਵੇਨਿਊ ਪਟਵਾਰ ਅਤੇ ਕਾਨੂੰਨਗੋ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਠੇਕੇ ’ਤੇ ਭਰਤੀ ਕੀਤੇ ਸੇਵਾਮੁਕਤ ਪਟਵਾਰੀਆਂ ਦੇ ਕਾਰਜਕਾਲ ਵਿੱਚ ਵਾਧੇ ਦੀ ਨਿਖ਼ੇਧੀ ਕਰਦੇ ਹੋਏ ਆਖਿਆ ਕਿ ਇਹ ਬੇਰੁਜ਼ਗਾਰ ਯੋਗ ਨੌਜਵਾਨਾਂ ਨਾਲ ਬੇਇਨਸਾਫ਼ੀ ਹੈ।