ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਅਗਸਤ
ਇੱਥੇ ਅੱਜ ਸਵੇਰੇ ਪਏ ਮੋਹਲੇਧਾਰ ਮੀਹ ਨੇ ਸ਼ਹਿਰ ਵਿੱਚ ਜਲ ਥਲ ਕਰ ਦਿੱਤਾ ਜਿਸ ਨਾਲ ਆਮ ਜਨ ਜੀਵਨ ਵੀ ਪ੍ਰਭਾਵਿਤ ਹੋਇਆ। ਸਵੇਰ ਵੇਲੇ ਲਗਭਗ 52 ਐੱਮਐੱਮ ਵੀ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀ ਨਗੋਈ ਦੇ ਮੁਤਾਬਿਕ ਅੱਜ ਸਵੇਰੇ ਲਗਭਗ 6 ਵਜੇ ਤੇਜ਼ ਹਵਾਵਾਂ ਦੇ ਨਾਲ ਸੰਘਣੇ ਬੱਦਲ ਆ ਗਏ ਅਤੇ ਮੀਂਹ ਸ਼ੁਰੂ ਹੋ ਗਿਆ, ਜੋ ਲਗਾਤਾਰ ਕੁਝ ਘੰਟੇ ਜਾਰੀ ਰਿਹਾ ਅਤੇ ਇਸ ਨਾਲ ਸ਼ਹਿਰ ਵਿੱਚ ਜਲ ਥਲ ਹੋ ਗਈ। ਕੁਝ ਦੇਰ ਰੁਕਣ ਤੋਂ ਬਾਅਦ ਵੀ ਦੁਪਹਿਰ ਵੇਲੇ ਵੀ ਜਾਰੀ ਰਿਹਾ। ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀ ਨਗੋਈ ਦੇ ਮੁਤਾਬਕ ਅਗਲੇ ਕੁਝ ਦਿਨ ਹੋਰ ਮੀਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ।
ਮੀਂਹ ਪੈਣ ਦੇ ਕਾਰਨ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਰਿਹਾ। ਮੀਂਹ ਪੈਣ ਤੋਂ ਬਾਅਦ ਬੱਦਲਵਾਈ ਬਣੀ ਰਹਿਣ ਕਾਰਨ ਲੋਕਾਂ ਨੇ ਹੁੰਮਸ ਤੋਂ ਰਾਹਤ ਮਹਿਸੂਸ ਕੀਤੀ । ਇਸ ਤੋਂ ਪਹਿਲਾਂ ਮੀਂਹ ਪੈਣ ਮਗਰੋਂ ਧੁੱਪ ਨਿਕਲ ਆਉਣ ਨਾਲ ਹੁੰਮਸ ਹੋ ਜਾਂਦੀ ਸੀ ਅਤੇ ਵਧੇਰੇ ਗਰਮੀ ਕਾਰਨ ਲੋਕ ਪਰੇਸ਼ਾਨ ਹੁੰਦੇ ਸਨ।
ਅੱਜ ਮੀਂਹ ਪੈਣ ਦੇ ਨਾਲ ਐਲੀਵੇਟਿਡ ਰੋਡ, ਕਵੀਨਸ ਰੋਡ, ਟੇਲਰ ਰੋਡ , ਐਮਐਮ ਮਾਲਵੀਆ ਰੋਡ, ਲਾਰੈਂਸ ਰੋਡ, ਮਾਲ ਰੋਡ ਅਤੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਪਾਣੀ ਭਰ ਗਿਆ ਸੀ ਅਤੇ ਕਈ ਇਲਾਕਿਆਂ ਵਿੱਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੇਰ ਤੱਕ ਪਾਣੀ ਖੜਾ ਰਿਹਾ ਜਿਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ।
ਜਲੰਧਰ (ਹਤਿੰਦਰ ਮਹਿਤਾ): ਐਤਵਾਰ ਸਵੇਰੇ ਤੇਜ਼ ਹਵਾਵਾਂ ਨਾਲ ਵਰ੍ਹੇ ਮੀਂਹ ਕਾਰਨ ਜਲੰਧਰ ਸਮੇਤ ਹੋਰ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਮੀਂਹ ਨੇ ਇੱਕ ਵਾਰ ਫਿਰ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੀਂਹ ਕਾਰਨ ਮਾਡਲ ਟਾਊਨ, ਅਰਬਨ ਅਸਟੇਟ ਫੇਜ਼ 1 ਅਤੇ 2 ਅਤੇ ਮੋਤਾ ਸਿੰਘ ਨਗਰ ਵਰਗੇ ਪੌਸ਼ ਇਲਾਕੇ ਦੇ ਨਾਲ-ਨਾਲ ਸੋਡਲ, ਬਸਤੀ, ਗਾਜੀ ਗੁਜ਼ਾਂ, ਭਗਤ ਸਿੰਘ ਕਲੋਨੀ, ਰਾਮ ਨਗਰ ਅਤੇ ਟਰਾਂਸਪੋਰਟ ਨਗਰ, ਇਕਹਰੀ ਪੁੱਲੀ ਵਰਗੇ ਨੀਵੇਂ ਇਲਾਕੇ ਪਾਣੀ ਵਿੱਚ ਡੁੱਬ ਗਏ। ਇਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਭਾਰੀ ਮੀਂਹ ਕਾਰਨ ਖਾਸ ਤੌਰ ’ਤੇ ਮਾਡਲ ਟਾਊਨ, ਪਠਾਨਕੋਟ ਚੌਕ ਨੇੜੇ ਅਤੇ ਭਗਤ ਸਿੰਘ ਕਲੋਨੀ ਵਿੱਚ ਵੀ ਆਵਾਜਾਈ ਠੱਪ ਹੋ ਗਈ। ਭਗਤ ਸਿੰਘ ਕਲੋਨੀ ਵਿੱਚ ਸਥਿਤੀ ਕਾਫੀ ਗੰਭੀਰ ਸੀ ਕਿਉਂਕਿ ਓਵਰਫਲੋਅ ਡਰੇਨ ਕਾਰਨ ਕਈ ਘਰਾਂ ਵਿੱਚ ਪਾਣੀ ਵੜ ਗਿਆ। ਐਮਸੀ ਨੂੰ ਬਲੌਕੇਜ ਦੂਰ ਕਰਨ ਲਈ ਫੌਰੀ ਤੌਰ ’ਤੇ ਡਿਚ ਮਸ਼ੀਨਾਂ ਤਾਇਨਾਤ ਕਰਨੀਆਂ ਪਈਆਂ। ਹੋਰ ਥਾਵਾਂ ’ਤੇ ਚੰਦਨ ਨਗਰ ਰੇਲਵੇ ਅੰਡਰਬ੍ਰਿਜ (ਆਰਯੂਬੀ), ਇਕਹਿਰੀ ਪੁਲੀ ਅਤੇ ਦਮੋਰੀਆ ਫਲਾਈਓਵਰ ਅੰਡਰਪਾਸ ਵਰਗੇ ਪ੍ਰਮੁੱਖ ਖੇਤਰ ਗੋਡੇ-ਗੋਡੇ ਪਾਣੀ ਕਾਰਨ ਅਯੋਗ ਹੋ ਗਏ ਹਨ। ਇਨ੍ਹਾਂ ਅੰਡਰਪਾਸ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਪਿਆ ਕਿਉਂਕਿ ਵਧਦੇ ਪਾਣੀ ਵਿੱਚ ਵਾਹਨਾਂ ਦੇ ਫਸ ਜਾਣ ਦਾ ਖਤਰਾ ਬਣਿਆ ਹੋਇਆ ਸੀ। ਇਸੇ ਤਰ੍ਹਾਂ ਨਕੋਦਰ, ਆਦਮਪੁਰ, ਜੰਡੂਸਿੰਘਾ, ਕਠਾਰ, ਅਲਾਵਲਪੁਰ, ਨੂਰਮਹਿਲ ਵਿਚ ਵੀ ਪਾਣੀ ਭਰ ਗਿਆ ਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਆਣ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਤਰਨ ਤਾਰਨ (ਗੁਰਬਖਸ਼ਪੁਰੀ): ਜ਼ਿਲ੍ਹੇ ਭਰ ਅੰਦਰ ਅੱਜ ਸਵੇਰੇ ਹੋਈ ਭਰਵੀਂ ਬਾਰਸ਼ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਬਾਰਸ਼ ਫਸਲਾਂ ਲਈ ਵੀ ਬਹੁਤ ਲਾਹੇਵੰਦ ਸਾਬਤ ਹੋਵੇਗੀ। ਇਲਾਕੇ ਦੇ ਪਿੰਡ ਰਸੂਲਪੁਰ ਦੇ ਕਿਸਾਨ ਜਤਿੰਦਰ ਸਿੰਘ ਨੇ ਕਿਹਾ ਕਿ ਭਰਵੀਂ ਬਾਰਸ਼ ਨੇ ਵਾਤਾਵਰਨ ਨੂੰ ਹੁੰਮਸ ਤੋਂ ਰਾਹਤ ਦਿੱਤੀ ਹੈ। ਇਲਾਕੇ ਦੇ ਪਿੰਡ ਕਸੇਲ ਦੇ ਕਿਸਾਨ ਕੁਲਬੀਰ ਸਿੰਘ ਅਤੇ ਰੱਤੋਕੇ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਰਹੱਦੀ ਖੇਤਰ ਅੰਦਰ ਸਰਾਏ ਅਮਾਨਤ ਖਾਂ, ਖਾਲੜਾ, ਭਿੱਖੀਵਿੰਡ, ਖੇਮਕਰਨ, ਵਲਟੋਹਾ, ਹਰੀਕੇ, ਖਡੂਰ ਸਾਹਿਬ, ਆਦਿ ਅੰਦਰ ਹੋਈ ਇਹ ਬਾਰਸ਼ ਫਸਲਾਂ ਲਈ ਫਾਇਦੇਮੰਦ ਹੈ| ਉਨ੍ਹਾਂ ਕਿਹਾ ਕਿ ਕਿਸਾਨ ਨੇ ਫਸਲਾਂ ਨੂੰ ਪਹਿਲਾਂ ਹੀ ਖਾਦ ਪਾਈ ਹੈ ਜਿਸ ਨਾਲ ਇਹ ਬਾਰਸ਼ ਫਸਲ ਦਾ ਝਾੜ ਵਧਾਉਣ ਲਈ ਅਸਰਦਾਰ ਸਾਬਤ ਹੋਣੀ ਹੈ। ਮੁੱਖ ਖੇਤੀਬਾੜੀ ਅਧਿਕਾਰੀ ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਇਹ ਭਰਵੀਂ ਬਾਰਸ਼ ਕਿਸਾਨ ਦੀਆਂ ਫਸਲਾਂ ਦਾ ਝਾੜ ਵਧਾਉਣ ਲਈ ਬਹੁਤ ਲਾਹੇਵੰਦ ਹੈ। ਸਿਵਲ ਸਰਜਨ ਡਾ. ਭਾਰਤ ਭੂਸ਼ਣ ਨੇ ਕਿਹਾ ਕਿ ਇਹ ਬਾਰਸ਼ ਨੇ ਵਾਤਾਵਰਨ ਨੂੰ ਖੁਸ਼ਗਵਾਰ ਬਣਾ ਦਿੱਤਾ ਹੈ ਜਿਸ ਨਾਲ ਆਦਮੀ ਬਿਮਾਰੀਆਂ ਤੋਂ ਬਚੇ ਰਹਿਣਗੇ।