ਨਿੱਜੀ ਪੱਤਰ ਪ੍ਰੇਰਕ
ਬਟਾਲਾ, 12 ਅਗਸਤ
ਇੰਜਨੀਅਰਿੰਗ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਅਤੇ ਡਾਇਰੈਕਟਰ ਜਨਰਲ ਫਾਰੇਨ ਟਰੇਡ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਸਨਅਤਕਾਰਾਂ ਨਾਲ ਐਕਸਪੋਰਟ ਦੇ ਵਿਕਾਸ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡੀਜੀਐਫਟੀ ਦੇ ਉਤਪਲ ਅਚਾਰੀਆ ਨੇ ਸਨਅਤਕਾਰਾਂ ਨੂੰ ਦੱਸਿਆ ਕਿ ਕਿਵੇਂ ਕੋਈ ਵਿਅਕਤੀ ਬਰਾਮਦ ਲਈ ਨਵੇਂ ਬਾਜ਼ਾਰ ਅਤੇ ਖ਼ਰੀਦਦਾਰ ਲੱਭ ਸਕਦਾ ਹੈ। ਸ੍ਰੀ ਸੰਦੀਪ ਵਰਮਾ ਵੱਲੋਂ ਉਦਯੋਗਪਤੀਆਂ ਨੂੰ ਐਕਸਪੋਰਟ ਕਰਨ ਦੇ ਈਸੀਜੀਸੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਅਸਿਸਟੈਂਟ ਡਾਇਰੈਕਟਰ ਗੌਰਵ ਗੁਪਤਾ ਨੇ ਈਈਪੀਸੀ ਇੰਡੀਆ ਦੇ ਫ਼ਾਇਦਿਆਂ ਬਾਰੇ ਦੱਸਿਆ। ਇਸ ਦੇ ਨਾਲ ਹੀ ਗੌਰਵ ਨੇ ਆਉਣ ਵਾਲੀਆਂ ਵੱਖ-ਵੱਖ ਪ੍ਰਦਰਸ਼ਨੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਿੱਥੇ ਮੈਂਬਰ ਵਿਦੇਸ਼ੀ ਖ਼ਰੀਦਦਾਰਾਂ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਮਿਲ ਕੇ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹਨ।
ਜ਼ਿਲ੍ਹਾ ਉਦਯੋਗ ਜਨਰਲ ਮੈਨੇਜਰ ਸੁਖਪਾਲ ਸਿੰਘ ਨੇ ਕੇਂਦਰ ਵੱਲੋਂ ਹਾਜ਼ਰ ਉਦਯੋਗਪਤੀਆਂ ਨੂੰ ਉਕਤ ਸਕੀਮਾਂ ਦਾ ਲਾਭ ਲੈਣ ਲਈ ਉਤਸਾਹਿਤ ਕਰਦੇ ਹੋਏ ਉਦਯੋਗਾਂ ਨੂੰ ਦਰਪੇਸ਼ ਮੁਸ਼ਕਲਾਂ ਲਿਖਤੀ ਰੂਪ ਵਿੱਚ ਸਾਂਝੇ ਕਰਨ ਲਈ ਕਿਹਾ ਤਾਂ ਜੋ ਇਨਾਂ ਨੂੰ ਜਲਦੀ ਹੱਲ ਕਰਨ ਲਈ ਸਬੰਧਿਤ ਵਿਭਾਗਾਂ ਨੂੰ ਭੇਜਿਆ ਜਾ ਸਕੇ। ਮੀਟਿੰਗ ਵਿੱਚ ਸਨਅਤਕਾਰ ਰਾਕੇਸ਼ ਗੋਇਲ, ਭਾਰਤ ਭੂਸ਼ਨ, ਜਗਮੋਹਨ ਸਿੰਘ ਨਾਗੀ,ਸੁਰਿੰਦਰ ਸਿੰਘ ਸਮੇਤ ਉੱਘੇ ਉਦਯੋਗਪਤੀਆਂ ਵੱਲੋਂ ਭਾਗ ਲਿਆ ਗਿਆ।