ਪੱਤਰ ਪ੍ਰੇਰਕ
ਪਟਿਆਲਾ, 12 ਅਗਸਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਨੌਰ ਇਲਾਕੇ ਵਿੱਚ ਘੱਗਰ ਦੀ ਸਫ਼ਾਈ ਦੀ ਪੋਲ ਉਸ ਵੇਲੇ ਖੁੱਲ੍ਹ ਗਈ, ਜਦੋਂ ਸਰਾਲਾ ਕਲਾਂ ਨੇੜੇ ਪੁਲ ਵਿੱਚ ਜਲ ਬੂਟੀ ਫਸਣ ਕਾਰਨ ਪਾਣੀ ਰੁਕ ਗਿਆ। ਪੁਲ ਵਿੱਚ ਜਲ ਬੂਟ ਫਸਣ ਕਾਰਨ ਪਾਣੀ ਸਰਾਲਾ, ਕਾਮੀ ਕਲਾਂ, ਚਮਾਰੂ, ਰਾਮਪੁਰ, ਨਨਹੇੜੀ, ਊਂਠਸਰ ਤੇ ਲੋਹਸਿੰਬਲੀ ਆਦਿ ਪਿੰਡਾਂ ਵਿੱਚ ਵੜ ਗਿਆ। ਜਾਣਕਾਰੀ ਅਨੁਸਾਰ ਊਂਠਸਰ, ਚਮਾਰੂ ਤੇ ਰਾਮਪੁਰ ਨੇੜੇ ਤਾਂ ਸੜਕਾਂ ’ਤੇ ਪਾਣੀ ਫੁੱਟ ਫੁੱਟ ਭਰ ਗਿਆ ਜਿਥੇ ਲੋਕ ਪਾਣੀ ਵਿਚੋਂ ਲੰਘਦੇ ਦੇਖੇ ਗਏ। ਦੂਜੇ ਪਾਸੇ ਪੁਲ ਵਿੱਚ ਬੂਟੀ ਫਸਣ ਦੀ ਸੂਚਨਾ ਮਿਲਦਿਆਂ ਪ੍ਰਸ਼ਾਸਨ ਨੇ ਤੁਰੰਤ ਹਰਕਤ ’ਚ ਆਉਂਦਿਆਂ ਜੇਸੀਬੀ ਨਾਲ ਬੂਟੀ ਨੂੰ ਪੁਲ ’ਚੋਂ ਕੱਢਿਆ। ਡਰੇਨੇਜ ਵਿਭਾਗ ਦੇ ਐਕਸੀਅਨ ਰਾਜਿੰਦਰ ਘਈ ਨੇ ਕਿਹਾ ਕਿ ਉਹ ਬੂਟੀ ਨਹੀਂ ਕੱਢਦੇ ਪਰ ਜੇਕਰ ਘੱਗਰ ਦੇ ਵਹਾਅ ਵਿਚ ਕੋਈ ਦਿਕੱਤ ਆਉਂਦੀ ਹੈ ਤਾਂ ਸਾਫ਼ ਕਰਨਾ ਉਨ੍ਹਾਂ ਦਾ ਫਰਜ਼ ਹੈ।