ਪੱਤਰ ਪ੍ਰੇਰਕ
ਮਾਨਸਾ, 12 ਅਗਸਤ
ਪੰਜਾਬ ਸਰਕਾਰ ਦੇ ਵਾਅਦਿਆਂ ਦੇ ਉਲਟ ਟੇਲਾਂ ’ਤੇ ਨਹਿਰੀ ਪਾਣੀ ਨਾ ਪਹੁੰਚਣ ਨੂੰ ਲੈ ਕੇ ਅੱਜ ਮਾਨਸਾ ਨੇੜਲੇ ਛੇ ਪਿੰਡਾਂ ਦੇ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਦੇ ਐਕਸੀਅਨ ਦਫ਼ਤਰ ਵਿੱਚ ਧਰਨਾ ਦੇ ਕੇ ਵਿਭਾਗ ਦੀ ਸੁਸਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਹ ਧਰਨਾ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਲਾਇਆ ਗਿਆ। ਧਰਨੇ ਦੌਰਾਨ ਛੇ ਪਿੰਡਾਂ ਭਲਾਈਕੇ, ਬਾਜੇਵਾਲਾ, ਬੀਰੇਵਾਲਾ, ਲਾਲਿਆਂਵਾਲੀ, ਝੇਰਿਆਂਵਾਲੀ ਅਤੇ ਉੱਡਤ ਦੇ ਪੀੜਤ ਕਿਸਾਨਾਂ ਵੱਲੋਂ ਲੰਬੇ ਸਮੇਂ ਪੂਰਾ ਪਾਣੀ ਨਾ ਪਹੁੰਚਣ ਦੇ ਦੋਸ਼ ਲਾਏ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਹਰ ਖੇਤ ਨੂੰ ਨਹਿਰੀ ਪਾਣੀ ਦਿੱਤਾ ਜਾਵੇਗਾ ਅਤੇ ਨਵੀਆਂ ਨਹਿਰਾਂ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪਰ ਇਸ ਦੇ ਉਲਟ ਪਹਿਲਾਂ ਤੋਂ ਚੱਲ ਰਹੀਆਂ ਨਹਿਰਾਂ ਵਿੱਚ ਟੇਲਾਂ ਤੇ ਪਾਣੀ ਪੂਰਾ ਨਹੀਂ ਪਹੁੰਚ ਰਿਹ। ਇਸ ਕਾਰਨ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਦੇ ਖੇਤ ਨਹਿਰੀ ਪਾਣੀ ਨੂੰ ਤਰਸ ਰਹੇ ਹਨ। ਕਿਸਾਨ ਆਗੂ ਉਤਮ ਸਿੰਘ ਰਾਮਾਂਨੰਦੀ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਲੋਕ ਘਰਾਂ ਵਿੱਚ ਸਿਰਫ ਵਾਟਰ ਵਰਕਸ ਦਾ ਪਾਣੀ ਹੀ ਵਰਤਦੇ ਹਨ, ਪਰ ਵਾਰ-ਵਾਰ ਬੰਦੀ ਹੋਣ ਕਾਰਨ ਵਾਟਰ ਵਰਕਸ ਦੀਆਂ ਟੈਂਕੀਆਂ ਵਿੱਚ ਪਾਣੀ ਸੁੱਕ ਜਾਂਦਾ ਹੈ। ਇਸ ਕਾਰਨ ਲੋਕਾਂ ਨੂੰ ਆਪ ਅਤੇ ਆਪਣੇ ਦੁਧਾਰੂ ਪਸ਼ੂਆਂ ਨੂੰ ਵੀ ਖਾਰਾ ਪਾਣੀ ਪੀਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨ ਟੇਲਾਂ ’ਤੇ ਪਾਣੀ ਪੂਰਾ ਕਰਵਾਉਣ ਲਈ ਪਿਛਲੇ ਦੋ ਮਹੀਨਿਆਂ ਤੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਹਾੜੇ ਕੱਢ ਰਹੇ ਹਨ, ਪਰ ਸਿਵਾਏ ਲਾਰਿਆਂ ਤੋਂ ਮਸਲੇ ਦਾ ਹੱਲ ਨਹੀਂ ਕੀਤਾ ਗਿਆ।ਇਸ ਕਾਰਨ ਜਥੇਬੰਦੀ ਨੂੰ ਮਜਬੂਰੀਵੱਸ ਧਰਨਾ ਲਾਉਣਾ ਪਿਆ। ਇਸ ਮੌਕੇ ਕੁਲਦੀਪ ਸਿੰਘ ਚਚੋਹਰ, ਹਰਪਾਲ ਸਿੰਘ ਮੀਰਪੁਰ, ਉੱਤਮ ਸਿੰਘ ਰਾਮਾਨੰਦੀ ਨੇ ਵੀ ਸੰਬੋਧਨ ਕੀਤਾ।
ਐੱਸਡੀਓ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ
ਧਰਨਾਕਾਰੀਆਂ ਨੂੰ ਸਾਂਤ ਕਰਦੇ ਹੋਏ ਨਹਿਰੀ ਵਿਭਾਗ ਦੇ ਐੱਸਡੀਓ ਨੇ ਧਰਨੇ ਵਿੱਚ ਆ ਕੇ ਵਿਸ਼ਵਾਸ ਦਿਵਾਇਆ ਕਿ 15 ਅਗਸਤ ਤੱਕ ਨਹਿਰ ਦੀ ਬੰਦੀ ਲੈ ਕੇ ਸਾਰੇ ਮੋਘਿਆਂ ਦਾ ਲੈਵਲ ਚੈਕ ਕਰਕੇ ਟੇਲਾਂ ਤੱਕ ਪਾਣੀ ਪਹੁੰਚਦਾ ਕਰ ਦਿੱਤਾ ਜਾਵੇਗਾ। ਜਥੇਬੰਦੀ ਵੱਲੋਂ ਚਿਤਾਵਨੀ ਦਿੱਤੀ ਕਿ ਜੇ ਦਿੱਤੇ ਹੋਏ ਸਮੇਂ ਮੁਤਾਬਕ ਟੇਲਾਂ ’ਤੇ ਪਾਣੀ ਪਹੁੰਚਦਾ ਨਾ ਕੀਤਾ ਗਿਆ ਤਾਂ 16 ਅਗਸਤ ਨੂੰ ਸਿਰਸਾ-ਲੁਧਿਆਣਾ ਮੁੱਖ ਮਾਰਗ ਜਾਮ ਕੀਤਾ ਜਾਵੇਗਾ।