ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 12 ਅਗਸਤ
ਥਾਣਾ ਲੱਖੇਵਾਲੀ ਦੀ ਪੁਲੀਸ ਨੇ ਗੈਸ ਸਿਲੰਡਰ, ਮੋਟਰਸਾਈਕਲ, ਕਣਕ ਦੇ ਥੈਲੇ ਅਤੇ ਟਿਊਬਵੈਲਾਂ ਦੀਆਂ ਮੋਟਰਾਂ ਚੋਰੀ ਕਰਨ ਵਾਲ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਤੋਂ ਚੋਰੀ ਦਾ ਮਾਲ ਖਰੀਦਣ ਵਾਲੇ ਚਾਰ ਜਣਿਆਂ ਦੀ ਭਾਲ ਜਾਰੀ ਹੈ। ਮੁਲਜ਼ਮਾਂ ਖਿਲਾਫ ਥਾਣਾ ਲੱਖੇਵਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਤੇ ਕੁਲਵੰਤ ਸਿੰਘ ਵਾਸੀ ਚੱਕ ਸ਼ੇਰੇ ਵਾਲਾ ਰਿਮਾਂਡ ’ਤੇ ਹਨ ਜਦੋਂ ਕਿ ਪਰਮਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਚੱਕ ਸ਼ੇਰੇਵਾਲਾ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਨ੍ਹਾਂ ਦੇ ਸਾਥੀ ਮਨਦੀਪ ਕੌਰ ਵਾਸੀ ਚਿੱਬੜਾਂਵਾਲੀ ਜਿਸ ਨੇ ਚੋਰੀ ਦੇ ਗੈਸ ਸਿਲੰਡਰ ਲਏ ਸਨ, ਰੋਸ਼ਨ ਲਾਲ ਕਬਾੜੀਆ ਤੇ ਹੈਪੀ ਵਾਸੀ ਬਾਮ ਦੀ ਗ੍ਰਿਫਤਾਰੀ ਬਾਕੀ ਹੈ ਜਦੋਂ ਕਿ ਪ੍ਰਿੰਸ ਕੁਮਾਰ ਕਬਾੜੀਆ ਪਹਿਲਾਂ ਹੀ ਜੇਲ੍ਹ ਵਿੱਚ ਹੈ। ਮੁੁਲਜ਼ਮਾਂ ’ਤੇ 50 ਮੋਟਰਾਂ, 25 ਕੁਇੰਟਲ ਕਣਕ, 8 ਮੋਟਰ ਸਾਈਕਲ ਤੇ 30 ਗੈਸ ਸਿਲੰਡਰ ਚੋਰੀ ਕਰਨ ਦਾ ਦੋਸ਼ ਹੈ, ਜਦੋਂਕਿ 13 ਮੋਟਰਾਂ, 7 ਥੈਲੇ ਕਣਕ, 4 ਮੋਟਰ ਸਾਈਕਲ ਅਤੇ 11 ਗੈਸ ਸਿਲੰਡਰ ਤਾਂ ਪੁਲੀਸ ਨੇ ਬਰਾਮਦ ਕਰ ਲਏ ਹਨ।