ਲਖਵੀਰ ਸਿੰਘ ਚੀਮਾ
ਟੱਲੇਵਾਲ, 12 ਅਗਸਤ
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਵਿੱਚ ਲੇਖਕ ਓਮ ਪ੍ਰਕਾਸ਼ ਗਾਸੋ ਦੇ 31ਵੇਂ ਨਾਵਲ ‘ਤਾਰਿਆਂ ਵਿੱਚੋਂ ਤਾਰਾ ਧਰੁਵ ਤਾਰਾ’ ਦਾ ਲੋਕ ਅਰਪਣ ਕੀਤਾ ਗਿਆ। ਸ੍ਰੀ ਗਾਸੋ ਨੇ ਕਿਹਾ ਕਿ ਅੱਜ ਕੱਲ੍ਹ ਜ਼ਿੰਦਗੀ ਨੂੰ ਬੇਦਖ਼ਲ ਕਰਨ ਵਾਲੀ ਸ਼ੈਤਾਨੀਅਤ ਦੀ ਸਰਦਾਰੀ ਬਣੀ ਹੋਈ ਹੈ। ਬੇਹੁਦਗੀ ਵਾਲੇ ਬਹੁਤ ਸਾਰੇ ਸਰੋਕਾਰ ਸਮਾਜ ਨੂੰ ਕੁਚੱਜ ਵਿੱਚ ਬਦਲ ਰਹੇ ਹਨ। ਇਹ ਨਾਵਲ ਜ਼ਿੰਦਗੀ ਦੇ ਕੁਹਜ ਨੂੰ ਸੁਹਜ ਵਿੱਚ ਬਦਲਣ ਲਈ ਸਹਾਈ ਹੋਵੇਗਾ। ਇਸ ਉਪਰੰਤ ਨਿਰੰਜਣ ਬੋਹਾ ਵੱਲੋਂ ਸੰਪਾਦਿਤ ਪੁਸਤਕ ਬੂਟਾ ਸਿੰਘ ਚੌਹਾਨ ਦੇ ਨਾਵਲ ‘ਉਜੜੇ ਖੂਹ ਦਾ ਪਾਣੀ’ ਦਾ ਰਚਨਾਤਮਕ ਵਿਵੇਕ ਉੱਪਰ ਗੋਸ਼ਟੀ ਕਰਵਾਈ ਕਰਵਾਈ ਗਈ। ਡਾ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਇਹ ਪੁਸਤਕ ਇਸ ਸਮੇਂ ਮਹੱਤਵਪੂਰਨ ਹੈ ਕਿ ਇਹ ਵਿਧਾ ਨੂੰ ਲੈ ਕੇ ਸੁਆਲ ਖੜ੍ਹੇ ਕਰਦੀ ਹੈ। ਸੰਪਾਦਕ ਨਿਰੰਜਣ ਬੋਹਾ ਨੇ ਕਿਹਾ ਨਾਵਲ ਬਾਰੇ ਆਲੋਚਨਾ ਦੀ ਪੁਸਤਕ ਸੰਪਾਦਿਤ ਕਰਦਿਆਂ ਉਨ੍ਹਾਂ ਨੂੰ ਬਹੁਤ ਸਾਰੇ ਨਵੇਂ ਅਨੁਭਵ ਹੋਏ ਹਨ। ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਬਦਲ ਰਹੇ ਸਮੇਂ ਤੇ ਇਕ ਲੇਖਕ ਨੂੰ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ।
ਇਸ ਮੌਕੇ ਤੇਜਾ ਸਿੰਘ ਤਿਲਕ, ਭੋਲਾ ਸਿੰਘ ਸੰਘੇੜਾ, ਕੰਵਰਜੀਤ ਭੱਠਲ, ਡਾ.ਭੁਪਿੰਦਰ ਸਿੰਘ ਬੇਦੀ, ਦਰਸ਼ਨ ਸਿੰਘ ਗੁਰੂ, ਡਾ. ਓਕਾਰ ਸਿੰਘ ਗਿੱਲ, ਡਾ.ਰਾਮਪਾਲ ਸਿੰਘ, ਡਾ. ਅਮਨਦੀਪ ਸਿੰਘ ਟੱਲੇਵਾਲੀਆ ਅਤੇ ਜਸਵਿੰਦਰ ਸਿੰਘ ਹਾਜ਼ਰ ਸਨ।