ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 12 ਅਗਸਤ
ਇੱਥੋਂ ਦੀ ਮਲਕ ਰੋਡ ’ਤੇ ਇੱਕ ਸੇਵਾਮੁਕਤ ਥਾਣੇਦਾਰ ਨੂੰ ਕੁਝ ਚਲਾਕ ਵਿਅਕਤੀ ਗੱਲਾਂ ’ਚ ਉਲਝਾ ਕੇ ਉਸ ਕੋਲੋਂ ਦੋ ਤੋਲੇ ਦੀ ਮੁੰਦਰੀ ਅਤੇ ਸਬਜ਼ੀ ਲੈ ਗਏ। ਇਸ ਸਬੰਧ ’ਚ ਪੁਲੀਸ ਨੇ ਸੇਵਾਮੁਕਤ ਥਾਣੇਦਾਰ ਦੇ ਬਿਆਨਾਂ ਉੱਤੇ ਚਾਰ ਲੁਟੇਰਿਆਂ ਖਿਲਾਫ਼ ਕੇਸ ਦਰਜ ਕੀਤਾ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਸ ਸਬੰਧੀ ਪੀੜਤ ਥਾਾਣੇਦਾਰ ਸੁਖਵੀਰ ਸਿੰਘ ਉਰਫ਼ ਸੁੱਖੀ ਨੇ ਦੱਸਿਆ ਕਿ ਉਹ ਸੇਵਾਮੁਕਤੀ ਉਪਰੰਤ ਆਪਣੇ ਖੇਤਾਂ ’ਚ ਸਬਜ਼ੀਆਂ ਵਗੈਰਾ ਉਗਾ ਕੇ ਉਨ੍ਹਾਂ ਨੂੰ ਵੇਚਣ ਦਾ ਕਾਰੋਬਾਰ ਕਰਦਾ ਹੈ। ਉਸ ਨੇ ਦੱਸਿਆ ਕੀ ਲੰਘੀ 6 ਅਗਸਤ ਨੂੰ ਉਸਦੀ ਦੁਕਾਨ ’ਤੇ ਇੱਕ ਮੋਟਰਸਾਈਕਲ ਉੱਤੇ ਦੋ ਨੌਜਵਾਨ ਆਏ ਅਤੇ ਭਿੰਡੀਆਂ ਖਰੀਦੀਆਂ। ਉਸ ਨੇ ਦੱਸਿਆ ਕਿ ਉਹ ਆਪਸ ’ਚ ਗੱਲਾਂ ਕਰ ਰਹੇ ਸਨ ਕਿ ਇੰਨੇ ਸਮੇਂ ਦੌਰਾਨ ਹੀ ਇੱਕ ਸਵਿਫਟ ਕਾਰ ਆ ਰੁਕੀ ਜਿਨ੍ਹਾਂ ਨੇ ਭਿੰਡੀਆਂ ਖਰੀਦੀਆਂ ਤੇ ਸਾਬਕਾ ਥਾਣੇਦਾਰ ਨੂੰ ਪੈਸੇ ਦੇਣ ਮੌਕੇ ਦੁਕਾਨ ’ਤੇ ਭਾਨ ਖਿਲਾਰ ਦਿੱਤੀ। ਉਹ ਆਪਸ ’ਚ ਡਿਕਰੀਆਂ ਨਾਲ ਖੇਡਣ ਲੱਗੇ ਤੇ ਸਾਬਕਾ ਥਾਣੇਦਾਰ ਨੂੰ ਵੀ ਵਿੱਚ ਪੈਸੇ ਲਗਾਉਣ ਲਈ ਕਿਹਾ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਕੋਲ ਸਿਰਫ਼ 500 ਰੁਪਏ ਹੀ ਹਨ, ਇਸ ਖੇਡ ਦੇ ਚੱਕਰ ’ਚ ਉਨ੍ਹਾਂ ਨੇ ਹਮ-ਮਸ਼ਵਰਾ ਹੋ ਉਸ ਨੂੰ ਉਲਝਾ ਲਿਆ ਤੇ ਉਸਦੇ ਹੱਥ ’ਚ ਪਾਈ ਦੋ ਤੋਲੇ ਦੀ ਮੁੰਦਰੀ ਉਤਾਰ ਕੇ ਲੈ ਗਏ। ਜਦੋਂ ਤੱਕ ਸਾਬਕਾ ਥਾਣੇਦਾਰ ਨੂੰ ਗੱਲ ਦੀ ਸਮਝ ਆਈ ਤਾਂ ਉਹ ਦੂਰ ਨਿਕਲ ਚੁੱਕੇ ਸਨ। ਸਾਬਕਾ ਥਾਣੇਦਾਰ ਨੇ ਪੁਲੀਸ ਕੋਲ ਕਰਮਜੀਤ ਸਿੰਘ ਵਾਸੀ ਘੱਲ ਕਲਾਂ (ਮੋਗਾ), ਅਜੇ, ਕੁਲਦੀਪ ਸਿੰਘ, ਕਾਕਾ ਸਿੰਘ, ਹਰਜਿੰਦਰ ਸਿੰਘ ਸਾਰੇ ਵਾਸੀਆਨ ਪਿੰਡ ਰੌਲੀ (ਮੋਗਾ) ਖਿਲਾਫ਼ ਕੇਸ ਦਰਜ ਕਰਵਾਇਆ ਹੈ।