ਨਵੀਂ ਦਿੱਲੀ (ਪੱਤਰ ਪ੍ਰੇਰਕ):
ਮੌਨਸੂਨ ਹੁਣ ਦਿੱਲੀ-ਐੱਨਸੀਆਰ ਵਿੱਚ ਪੂਰੇ ਜ਼ੋਰ ਨਾਲ ਸਰਗਰਮ ਹੈ ਤੇ ਬੀਤੇ 6 ਦਿਨਾਂ ਤੋਂ ਇਸ ਖਿੱਤੇ ਵਿੱਚ ਮੀਂਹ ਵਰ੍ਹਦਾ ਆ ਰਿਹਾ ਹੈ। ਅੱਜ ਵੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ। ਦਿੱਲੀ-ਐੱਨਸੀਆਰ ’ਚ ਸਾਰਾ ਦਿਨ ਰੁਕ-ਰੁਕ ਕੇ ਮੀਂਹ ਵਰ੍ਹਿਆ।
ਦਿੱਲੀ ਦੀਆਂ ਸੜਕਾਂ ’ਤੇ ਕਈ ਗੱਡੀਆਂ ਪਾਣੀ ਇੰਜਣਾਂ ਵਿੱਚ ਪੈ ਜਾਣ ਕਰ ਕੇ ਰਾਹਾਂ ਵਿੱਚ ਬੰਦ ਹੋ ਗਈਆਂ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਬੰਗਲਾ ਸਾਹਿਬ ਨੇੜੇ ਸੰਤਰੀ ਬੱਸ ਖਰਾਬ ਹੋਈ ਤਾਂ ਗੋਲ ਡਾਕਖਾਨੇ ਦੇ ਇਲਾਕੇ ਵਿੱਚ ਟਰੈਫਿਕ ਸੁਸਤ ਰਫ਼ਤਾਰ ਨਾਲ ਚੱਲਿਆ। ਦੋ ਪਹੀਆ ਵਾਹਨਾਂ ਵਿੱਚ ਵੀ ਪਾਣੀ ਕਾਰਨ ਨੁਕਸ ਪਿਆ। ਬੀਤੇ ਦਿਨ ਮੌਸਮ ਮਹਿਕਮੇ ਵੱਲੋਂ ਓਰੇਂਜ ਅਲਰਟ ਜਾਰੀ ਕੀਤਾ ਗਿਆ ਸੀ।