ਕਰਮਜੀਤ ਸਿੰਘ ਚਿੱਲਾ
ਬਨੂੜ, 12 ਅਗਸਤ
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਮੋਬਾਈਲ ਦੀ ਰੋਸ਼ਨੀ ਨਾਲ ਡਿਲੀਵਰੀ ਕਰਾਉਣ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਅੱਜ ਦੇਰ ਸ਼ਾਮ ਬਨੂੜ ਦੇ ਸਰਕਾਰੀ ਕਮਿਊਨਿਟੀ ਹਸਪਤਾਲ ਵਿੱਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੇ ਪਰਿਵਾਰਕ ਮੈਂਬਰ ਹਨੇਰੇ ਵਿੱਚ ਡੁੱਬੇ ਹੋਏ ਹਸਪਤਾਲ ਦੇ ਅੰਦਰ ਡਾਕਟਰੀ ਅਮਲੇ ਨੂੰ ਭਾਲ ਰਹੇ ਸਨ ਕਿ ਇਸੇ ਦੌਰਾਨ ਮਹਿਲਾ ਨੇ ਆਟੋ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਮੋਬਾਈਲ ਦੀਆਂ ਬੈਟਰੀਆਂ ਜਗਾ ਕੇ ਹੀ ਹਸਪਤਾਲ ਦੇ ਅਮਲੇ ਨੂੰ ਜ਼ੱਚਾ ਅਤੇ ਬੱਚਾ ਦੀ ਲੇਬਰ ਰੂਮ ਵਿੱਚ ਲਿਜਾ ਕੇ ਸੰਭਾਲ ਕਰਨੀ ਪਈ।
ਘਟਨਾ ਅੱਜ ਸ਼ਾਮ ਸਾਢੇ ਛੇ-ਪੌਣੇ ਸੱਤ ਵਜੇ ਦੇ ਕਰੀਬ ਦੀ ਹੈ। ਮੂਲ ਰੂਪ ਵਿੱਚ ਬੰਗਾਲ ਦੀ ਵਸਨੀਕ ਤੇ ਇਨ੍ਹੀਂ ਦਿਨੀਂ ਕਰਾਲਾ ਦੀ ਰੌਇਲ ਸਿਟੀ ਵਿੱਚ ਰਹਿ ਰਹੀ ਰੋਸ਼ਨੀ ਪਤਨੀ ਸਿਕੰਦਰ ਦੇ ਜਣੇਪੇ ਲਈ ਬਨੂੜ ਹਸਪਤਾਲ ਦਾ ਕਾਰਡ ਬਣਿਆ ਹੋਇਆ ਸੀ। ਦਰਦ ਸ਼ੁਰੂ ਹੋਣ ’ਤੇ ਜਦੋਂ ਪਰਿਵਾਰਕ ਮੈਂਬਰ ਮਹਿਲਾ ਨੂੰ ਹਸਪਤਾਲ ਲੈ ਕੇ ਪਹੁੰਚੇ ਤਾਂ ਉੱਥੇ ਬਿਜਲੀ ਗੁੱਲ ਸੀ। ਮਹਿਲਾ ਦੇ ਪਰਿਵਾਰਕ ਮੈਂਬਰ ਮੈਡੀਕਲ ਸਟਾਫ਼ ਦੀ ਭਾਲ ਵਿੱਚ ਅੰਦਰ ਗਏ ਤਾਂ ਇਸੇ ਦੌਰਾਨ ਮਹਿਲਾ ਨੇ ਆਟੋ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਮਹਿਲਾ ਨਾਲ ਮੌਜੂਦ ਔਰਤਾਂ ਨੇ ਆਟੋ ਵਿੱਚ ਹੀ ਬੱਚੇ ਨੂੰ ਸਾਂਭਿਆ। ਹਸਪਤਾਲ ਦੇ ਅੰਦਰ ਪਤਾ ਲੱਗਣ ਤੇ ਸਟਾਫ਼ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਹਨੇਰੇ ਵਿੱਚ ਹੀ ਮੋਬਾਈਲ ਦੀਆਂ ਬੈਟਰੀਆਂ ਜਗਾ ਕੇ ਜ਼ੱਚਾ-ਬੱਚਾ ਨੂੰ ਲੇਬਰ ਰੂਮ ਵਿੱਚ ਲੈ ਗਏ। ਹਸਪਤਾਲ ਵਿੱਚ ਪਹਿਲਾਂ ਤੋਂ ਇਲਾਜ ਅਧੀਨ ਮਨਦੀਪ ਸਿੰਘ ਅਤੇ ਬੌਬੀ ਸੈਣੀ ਨੇ ਦੱਸਿਆ ਕਿ ਉਹ ਚਾਰ ਵਜੇ ਦੇ ਹਸਪਤਾਲ ਆਏ ਹਨ ਤੇ ਇੱਥੇ ਬਿਜਲੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਸਟਾਫ਼ ਨੂੰ ਜੈਨਰੇਟਰ ਚਲਾਉਣ ਲਈ ਕਹਿੰਦੇ ਹਨ ਤਾਂ ਉਹ ਤੇਲ ਨਾ ਹੋਣ ਦੀ ਗੱਲ ਆਖ ਦਿੰਦੇ ਹਨ।
ਬਿਜਲੀ ਸਬੰਧੀ ਸ਼ਿਕਾਇਤਾਂ ਕਰ-ਕਰ ਥੱਕ ਚੁੱਕੀ ਹਾਂ: ਐੱਸਐੱਮਓ
ਸੀਐੱਚਸੀ ਬਨੂੜ ਦੀ ਐੱਸਐੱਮਓ ਡਾ. ਰਵਨੀਤ ਕੌਰ ਨੇ ਮਹਿਲਾ ਦੀ ਡਿਲੀਵਰੀ ਆਟੋ ’ਚ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ੱਚਾ ਤੇ ਬੱਚਾ ਦੋਹਾਂ ਦੀ ਹਾਲਤ ਠੀਕ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਬਿਜਲੀ ਸਪਲਾਈ ਦਾ ਬਹੁਤ ਬੁਰਾ ਹਾਲ ਹੈ। ਅੱਠ-ਅੱਠ ਘੰਟੇ ਦੇ ਕੱਟ ਵੀ ਲੱਗ ਰਹੇ ਹਨ ਤੇ ਉਹ ਬਿਜਲੀ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰ-ਕਰ ਕੇ ਉਹ ਥੱਕ ਚੁੱਕੇ ਹਨ।