ਪੱਤਰ ਪ੍ਰੇਰਕ
ਚੰਡੀਗੜ੍ਹ, 12 ਅਗਸਤ
ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤ ਆਰਜੀ ਕਾਰ ਮੈਡੀਕਲ ਕਾਲਜ ਦੀ ਮਹਿਲਾ ਪੋਸਟ ਗਰੈਜੂਏਟ ਟ੍ਰੇਨੀ ਡਾਕਟਰ ਦੀ ਜਬਰ-ਜਨਾਹ ਮਗਰੋਂ ਕੀਤੀ ਗਈ ਹੱਤਿਆ ਦੇ ਵਿਰੋਧ ਵਿੱਚ ਅੱਜ ਪੀਜੀਆਈ. ਚੰਡੀਗੜ੍ਹ ਅਤੇ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਦੇ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ। ਪੀਜੀਆਈ ਰੈਜ਼ੀਡੈਂਟਸ ਡਾਕਟਰਜ਼ ਵੈੱਲਫ਼ੇਅਰ ਐਸੋਸੀਏਸ਼ਨ ਵੱਲੋਂ ਹੜਤਾਲ ਦੇ ਸੱਦੇ ’ਤੇ ਸਾਰੇ ਡਾਕਟਰ ਅੱਜ ਆਪੋ-ਆਪਣੇ ਕੰਮ ਬੰਦ ਕਰਕੇ ਡਾਇਰੈਕਟਰ ਦਫ਼ਤਰ ਦੇ ਸਾਹਮਣੇ ਇਕੱਠੇ ਹੋ ਗਏ। ਡਾਕਟਰਾਂ ਦਾ ਪ੍ਰੋਗਰਾਮ ਕੈਂਪਸ ਵਿੱਚ ਪੈਦਲ ਰੋਸ ਮਾਰਚ ਕਰਨ ਦਾ ਸੀ ਪਰ ਮੌਕੇ ’ਤੇ ਪਹੁੰਚੀ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਜਿਸ ਮਗਰੋਂ ਉਨ੍ਹਾਂ ਨੇ ਡਾਇਰੈਕਟਰ ਦਫ਼ਤਰ ਅੱਗੇ ਬੈਠ ਕੇ ਰੋਸ ਪ੍ਰਗਟਾਇਆ।
ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਡਾ. ਸਮ੍ਰਿਤੀ ਠਾਕੁਰ ਨੇ ਦੱਸਿਆ ਕਿ ਅੱਜ ਪੀਜੀਆਈ ਵਿੱਚ ਲਪਭਗ ਸਾਰੀਆਂ ਓਪੀਡੀਜ਼ ਵਿੱਚ ਡਾਕਟਰਾਂ ਨੇ ਕੰਮ ਬੰਦ ਰੱਖਿਆ ਜਿਸ ਕਰਕੇ 37 ਦੇ ਕਰੀਬ ਅਪ੍ਰੇਸ਼ਨ ਥੀਏਟਰਾਂ ਵਿੱਚ ਅਪ੍ਰੇਸ਼ਨ ਵੀ ਨਹੀਂ ਕੀਤੇ ਗਏ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚਾਲੂ ਰੱਖੀਆਂ ਗਈਆਂ। ਉਨ੍ਹਾਂ ਦੱਸਿਆ ਕਿ ਭਾਵੇਂ ਅੱਜ ਚੰਡੀਗੜ੍ਹ ਪੁਲੀਸ ਨੇ ਕੈਂਪਸ ਵਿੱਚ ਡਾਕਟਰਾਂ ਨੂੰ ਰੋਸ ਪ੍ਰਦਰਸ਼ਨ ਕਰਨ ਤੋਂ ਰੋਕ ਦਿੱਤਾ ਪਰ ਐਸੋਸੀਏਸ਼ਨ ਵੱਲੋਂ ਯੂਟੀ ਪ੍ਰਸ਼ਾਸਨ ਤੋਂ ਰੋਸ ਪ੍ਰਦਰਸ਼ਨ ਲਈ ਮਨਜ਼ੂਰੀ ਲੈਣ ਲਈ ਅਰਜ਼ੀ ਭੇਜੀ ਗਈ ਹੈ।
ਇਸੇ ਤਰ੍ਹਾਂ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ (ਆਰਡੀਏ) ਸੈਕਟਰ-32 ਚੰਡੀਗੜ੍ਹ ਵੱਲੋਂ ਵੀ ਹੜਤਾਲ ਕੀਤੀ ਗਈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੇਸ਼ ਭਰ ਵਿੱਚ ਡਾਕਟਰਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ।
ਪੀਜੀਆਈ ਵਿੱਚ ਓਪੀਡੀ ਸੇਵਾਵਾਂ ਕੀਤੀਆਂ ਸੀਮਤ
ਹੜਤਾਲ ਦੇ ਸੱਦੇ ਨੂੰ ਹੁੰਗਾਰਾ ਦਿੰਦਿਆਂ ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਅਤੇ ਮੈਡੀਕਲ ਸੁਪਰਡੰਟ ਪ੍ਰੋ. ਵਿਪਿਨ ਕੌਸ਼ਲ ਨੇ ਦੱਸਿਆ ਕਿ ਹੜਤਾਲ ਦੇ ਮੱਦੇਨਜ਼ਰ ਪੀਜੀਆਈ ਵਿੱਚ ਓਪੀਡੀ ਸੇਵਾਵਾਂ ਸੀਮਤ ਕੀਤੀਆਂ ਗਈਆਂ ਹਨ। ਪ੍ਰੋ. ਕੌਸ਼ਲ ਨੇ ਦੱਸਿਆ ਕਿ ਓਪੀਡੀਜ਼ ਵਿੱਚ ਸਵੇਰੇ 8 ਵਜੇ ਤੋਂ ਸਵੇਰੇ 9.30 ਵਜੇ ਤੱਕ ਸਬੰਧਤ ਵਿਭਾਗਾਂ ਵਿੱਚ ਸਿਰਫ ਫਾਲੋ-ਅਪ (ਪੁਰਾਣੇ) ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੋਵੇਗੀ। ਦਾਖਲ ਮਰੀਜ਼ਾਂ ਦੀ ਦੇਖਭਾਲ ਬਾਰੇ ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਦਾਖਲ ਮਰੀਜ਼ਾਂ ਲਈ ਸਬੰਧਤ ਵਿਭਾਗਾਂ ਵੱਲੋਂ ਪ੍ਰਬੰਧ ਕੀਤੇ ਜਾਣਗੇ। ਐਮਰਜੈਂਸੀ ਅਪ੍ਰੇਸ਼ਨ ਥੀਏਟਰ ਸੇਵਾਵਾਂ ਅਤੇ ਆਈਸੀਯੂ ਸੇਵਾਵਾਂ ਆਮ ਦੀ ਤਰ੍ਹਾਂ ਜਾਰੀ ਰਹਿਣਗੀਆਂ।