ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਅਗਸਤ
ਪੰਜਾਬ ਵਿੱਚ ਹਰੀ ਕ੍ਰਾਂਤੀ ਤੋਂ ਬਾਅਦ ਨਰਮੇ ਹੇਠਲਾ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (ਪੀਏਯੂ) ਦੇ ਅੰਕੜੇ ਦੱਸਦੇ ਹਨ ਕਿ ਹੁਣ ਸੂਬੇ ’ਚ ਨਰਮੇ ਦੀ ਕਾਸ਼ਤ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਰਕਬੇ ਦੇ ਹਿਸਾਬ ਨਾਲ ਕਣਕ, ਝੋਨੇ ਤੋਂ ਬਾਅਦ ਨਰਮੇ ਦਾ ਤੀਜਾ ਸਥਾਨ ਹੈ। ਕਿਸਾਨ ਨਰਮੇ ਦੀ ਕਾਸ਼ਤ ’ਚ ਖੜੋਤ ਲਈ ਕੀਟਾਂ ਦੇ ਹਮਲੇ, ਨਕਲੀ ਬੀਜ ਅਤੇ ਭਾਰਤੀ ਕਪਾਹ ਨਿਗਮ (ਸੀਸੀਆਈ) ਵੱਲੋਂ ਨਰਮਾ ਕਪਾਹ ਦੀ ਘੱਟ ਖ਼ਰੀਦ ਕਰਨ ਵਰਗੇ ਕਾਰਨਾਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਦੂਜਾ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਐੱਮਐੱਸਪੀ ਤੋਂ ਹੇਠਾਂ ਵੇਚਣੀ ਪੈਂਦੀ ਹੈ। ਕਦੇ ਕਿਸਾਨਾਂ ਲਈ ਨਰਮੇ ਦੀ ਫ਼ਸਲ ਹਮੇਸ਼ਾ ਪਹਿਲ ਰਹੀ ਹੈ ਪਰ ਜਦੋਂ ਸਾਰੇ ਰਾਹ ਬੰਦ ਹੋ ਗਏ ਤਾਂ ਉਨ੍ਹਾਂ ਮਜਬੂਰੀ ਵੱਸ ਕਿਨਾਰਾ ਕਰ ਲਿਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਸਾਲ 1970-71 ’ਚ 397 ਹਜ਼ਾਰ ਹੈਕਟੇਅਰ ਰਕਬਾ ਕਪਾਹ ਹੇਠ ਸੀ, ਜੋ ਸਾਲ 1980-81 ’ਚ ਵਧ ਕੇ 649 ਤੇ ਸਾਲ 1988-89 ਵਿੱਚ 758 ਹਜ਼ਾਰ ਹੈਕਟੇਅਰ ਹੋ ਗਿਆ। ਇਸ ਤੋਂ ਬਾਅਦ ਹਰੀ ਕ੍ਰਾਂਤੀ ਨੇ ਚਿੱਟੇ ਸੋਨੇ ਨੂੰ ਅਜਿਹੀ ਢਾਹ ਲਾਈ ਕਿ ਸਾਲ 2024-25 ’ਚ ਨਰਮੇ ਹੇਠਲਾ ਰਕਬਾ ਘਟ ਕੇ 96.6 ਹਜ਼ਾਰ ਹੈਕਟੇਅਰ ਰਹਿ ਗਿਆ ਹੈ, ਜੋ ਕਰੀਬ 40 ਫ਼ੀਸਦੀ ਬਣਦਾ ਹੈ। ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਸਮੇਤ ਕੁਦਰਤੀ ਆਫ਼ਤਾਂ ਨੇ ਕਿਸਾਨਾਂ ਨੂੰ ਆਰਥਿਕ ਪੱਖੋਂ ਝੰਬ ਕੇ ਰੱਖ ਦਿੱਤਾ ਹੈ। ਪਹਿਲਾਂ ਅਮਰੀਕਨ ਸੁੰਡੀ ਤੇ ਮਿਲੀ ਬੱਗ ਵੀ ਨਰਮੇ ਦੀ ਫ਼ਸਲ ਨੂੰ ਤਬਾਹ ਕਰਦੀਆਂ ਰਹੀਆਂ ਹਨ ਪਰ ਇਨ੍ਹਾਂ ਨੂੰ ਬੀਟੀ ਬੀਜਾਂ ਨੇ ਠੁੰਮਣਾ ਦਿੱਤਾ ਸੀ। ਜਾਣਕਾਰੀ ਅਨੁਸਾਰ ਸੂਬੇ ਦੇ ਪੱਛਮੀ ਜ਼ਿਲ੍ਹਿਆਂ ’ਚ ਨਰਮੇ ਦੀ ਕਾਸ਼ਤ ਹੁੰਦੀ ਹੈ ਜਦੋਂਕਿ ਕਪਾਹ ਤਾਂ ਥੋੜ੍ਹੀ ਬਹੁਤੀ ਸਾਰੇ ਪੰਜਾਬ ਵਿੱਚ ਹੀ ਬੀਜੀ ਜਾਂਦੀ ਹੈ। ਅਮਰੀਕਨ ਸੁੰਡੀ ਦੇ ਹਮਲੇ ਤੋਂ ਡਰਦੇ ਬਹੁਤੇ ਕਿਸਾਨ ਬੀਟੀ ਨਰਮੇ ਦੀਆਂ ਕਿਸਮਾਂ ਹੀ ਬੀਜਦੇ ਹਨ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਅਤੇ ਇਸ ਦੇ ਫ਼ਾਇਦਿਆਂ ਬਾਰੇ ਜਾਗਰੂਕ ਕਰਦੇ ਰਹੇ ਹਨ। ਖੇਤਾਂ ਵਿੱਚ ਜਾ ਕੇ ਫ਼ਸਲਾਂ ਦੇ ਨਿਰੀਖਣ ਵੀ ਕੀਤੇ ਹਨ ਪਰ ਫਿਰ ਵੀ ਰਕਬਾ ਘਟਦਾ ਜਾ ਰਿਹਾ ਹੈ।