ਬਾਂਦਾ, 13 ਅਗਸਤ
ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਦੇ ਸ਼ਿਵਰਾਮਪੁਰ ਇਲਾਕੇ ਦੇ ਇੱਕ ਸਕੂਲ ’ਚ ਅੱਜ ਸਵੇਰ ਦੀ ਸਭਾ ਦੌਰਾਨ ਗਰਮੀ ਕਾਰਨ 23 ਵਿਦਿਆਰਥੀ ਬੇਹੋਸ਼ ਹੋ ਗਏ।
ਬਿਹਾਰਾ ਪਿੰਡ ’ਚ ਸਥਿਤ ਸਕੂਲ ਦੇ ਪ੍ਰਿੰਸੀਪਲ ਰਾਮ ਮਿਲਨ ਕੁਸ਼ਵਾਹਾ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸਵੇਰ ਦੀ ਸਭਾ ਮਗਰੋਂ ਵਿਦਿਆਰਥੀ ਆਪਣੀਆਂ ਕਲਾਸਾਂ ’ਚ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਪੀੜਤ ਬੱਚੇ 6ਵੀਂ ਤੋਂ 8ਵੀਂ ਕਲਾਸ ਦੇ ਵਿਦਿਆਰਥੀ ਹਨ।
ਉਨ੍ਹਾਂ ਨੂੰ ਤੁਰੰਤ ਸ਼ਿਵਰਾਮਪੁਰ ਦੇ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ’ਚ ਲਿਜਾਇਆ ਗਿਆ। ਸੀਐੱਚਸੀ ਦੇ ਡਾਕਟਰ ਫੂਲ ਸਿੰਘ ਨੇ ਕਿਹਾ ਕਿ ਬੱਚੇ ਹਾਲ ਹੀ ’ਚ ਪਏ ਮੀਂਹ ਮਗਰੋਂ ਵਧੀ ਗਰਮੀ ਕਾਰਨ ਬੇਹੋਸ਼ ਹੋਏ ਹਨ। ਸਭਾ ਦੌਰਾਨ ਉਹ ਕਾਫੀ ਸਮਾਂ ਧੁੱਪ ’ਚ ਖੜ੍ਹੇ ਰਹੇ। ਡਾਕਟਰ ਨੇ ਦੱਸਿਆ ਕਿ ਇਲਾਜ ਮਗਰੋਂ ਵਿਦਿਆਰਥੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। -ਪੀਟੀਆਈ