ਨਵੀਂ ਦਿੱਲੀ, 13 ਅਗਸਤ
ਭਾਜਪਾ ਨੇ ਅੱਜ ਦੋਸ਼ ਲਾਇਆ ਕਿ ਹਾਲ ਹੀ ਵਿੱਚ ‘ਦੋ ਲੜਕਿਆਂ’ (ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ) ਦੀ ਸਿਆਸੀ ਤਾਕਤ ਵਧਣ ਮਗਰੋਂ ਉੱਤਰ ਪ੍ਰਦੇਸ਼ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਗਏ ਹਨ। ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਸਮਾਜਵਾਦੀ ਪਾਰਟੀ (ਸਪਾ) ’ਤੇ ਅਪਰਾਧੀਆਂ ਨੂੰ ਪਨਾਹ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਜਬਰ-ਜਨਾਹ ਤੇ ਜਬਰ-ਜਨਾਹ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਦੋ ਵਿਅਕਤੀਆਂ ਦੇ ਕਥਿਤ ਤੌਰ ’ਤੇ ਸਪਾ ਨਾਲ ਜੁੜੇ ਹੋਣ ਦਾ ਦੋਸ਼ ਲਾਉਂਦਿਆਂ ਅਖਿਲੇਸ਼ ਦੀ ਅਗਵਾਈ ਵਾਲੀ ਪਾਰਟੀ ’ਤੇ ਨਿਸ਼ਾਨਾ ਸੇਧਿਆ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਸਪਾ ਨਾ ਸਿਰਫ਼ ਅਪਰਾਧੀਆਂ ਦੀ ‘ਪੁਸ਼ਤ-ਪਨਾਹੀ’ ਕਰ ਰਹੀ ਹੈ, ਸਗੋਂ ‘ਇੰਡੀਆ’ ਗੱਠਜੋੜ ਦੇ ਮੈਂਬਰ ਆਪਣੇ ਗੱਠਜੋੜ ਸਹਿਯੋਗੀਆਂ ਨਾਲ ਜੁੜੇ ਅਪਰਾਧਕ ਤੱਤਾਂ ਨੂੰ ਬਚਾਉਣ ਲਈ ਇੱਕ-ਦੂਜੇ ਦੀ ਮਦਦ ਕਰ ਰਹੇ ਹਨ। ਉਨ੍ਹਾਂ ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਸਪਾ ਪ੍ਰਧਾਨ ਅਖਿਲੇਸ਼ ਦਾ ਸਾਫ਼ ਤੌਰ ’ਤੇ ਜ਼ਿਕਰ ਕੀਤਾ।
ਹਾਲ ਹੀ ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਤੇ ਸਪਾ ਗੱਠਜੋੜ ਨੇ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਨੂੰ ਪਛਾੜ ਦਿੱਤਾ ਸੀ। ਤ੍ਰਿਵੇਦੀ ਨੇ ਕਿਹਾ, ‘‘ਇਨ੍ਹਾਂ ਦੋ ਲੜਕਿਆਂ ਨਾਲ ਜੁੜੇ ਲੋਕ ਅਪਰਾਧ ਕਰ ਰਹੇ ਹਨ। ਇਨ੍ਹਾਂ ਦੋਵਾਂ ਲੜਕਿਆਂ ਦੀ ਤਾਕਤ ਵਧਣ ਮਗਰੋਂ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਗਏ ਹਨ।’’ -ਪੀਟੀਆਈ