ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 13 ਅਗਸਤ
ਸਖ਼ਤ ਸੁਰੱਖਿਆ ਪ੍ਰਬੰਧਾਂ ਦਾ ਦਾਅਵਾ ਕਰਨ ਦੇ ਬਾਵਜੂਦ ਇਥੋਂ ਦੀ ਕੇਂਦਰੀ ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ 12 ਮੋਬਾਈਲ ਫ਼ੋਨ, ਚਾਰ ਬੈਟਰੀਆਂ, ਦੋ ਚਾਰਜਰ, ਦੋ ਅਡਾਪਟਰ, ਤਿੰਨ ਡਾਟਾ ਕੇਬਲ, 83 ਪੁੜੀਆਂ ਤੰਬਾਕੂ, ਵੀਹ ਪੈਕੇਟ ਬੀੜੀਆਂ ਅਤੇ 13 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਏਨੀ ਵੱਡੀ ਮਾਤਰਾ/ਮਿਕਦਾਰ ਵਿਚ ਅਜਿਹੀਆਂ ਚੀਜ਼ਾਂ ਦੀ ਬਰਾਮਦ ਹੋਣਾ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ’ਤੇ ਕਈ ਸਵਾਲ ਖੜ੍ਹੇ ਕਰਦਾ ਹੈ। ਇਸ ਮਾਮਲੇ ਵਿਚ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਜੇਲ੍ਹ ’ਚ ਬੰਦ ਹਵਾਲਾਤੀ ਗੁਰਮੀਤ ਸਿੰਘ ਵਾਸੀ ਪਿੰਡ ਜੋਗੇ ਵਾਲਾ ਮਖੂ, ਹਵਾਲਾਤੀ ਮਨੀਸ਼ ਕੁਮਾਰ ਵਾਸੀ ਗੁਰੂਹਰਸਹਾਏ ਅਤੇ ਕੈਦੀ ਹਰਿੰਦਰ ਸਿੰਘ ਵਧਵਾ ਵਾਸੀ ਫ਼ਾਜ਼ਿਲਕਾ ਸਣੇ ਇੱਕ ਅਣਪਛਾਤੇ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਵਿਚ ਕੇਸ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ ਗਈ ਹੈ।