ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ
ਪੰਜਾਬੀ ਅਕਾਦਮੀ, ਦਿੱਲੀ ਵੱਲੋਂ 12, 13, 14 ਅਗਸਤ, 2024 ਨੂੰ ਦਿੱਲੀ ਹਾਟ, ਪੀਤਮਪੁਰਾ ਵਿਖੇ ਤਿੰਨ ਦਿਨਾਂ ‘ਹਰ ਘਰ ਤਿਰੰਗਾ’ ਪ੍ਰੋਗਰਾਮ ਦਾ ਕਰਵਾਇਆ ਜਾ ਰਿਹਾ ਹੈ। ਪੰਜਾਬੀ ਅਕਾਦਮੀ ਦੇ ਸਕੱਤਰ ਅਜੈ ਅਰੋੜਾ ਨੇ ਪ੍ਰੋਗਰਾਮ ਬਾਰੇ ਦੱਸਦਿਆਂ ਕਿਹਾ ਕਿ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਆਜ਼ਾਦੀ ਦੇ ਮਹੱਤਵ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੇ ਮਕਸਦ ਨੂੰ ਸਪੱਸ਼ਟ ਕੀਤਾ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦੇ ਜਸ਼ਨਾਂ ਦੇ ਤਹਿਤ ਮਨਾਏ ਜਾਣ ਵਾਲੇ ਪ੍ਰੋਗਰਾਮਾਂ ਵਿਚ, ਹਰ ਘਰ ਝੰਡਾ, ਲਹਿਰਾਉਣ ਦੇ ਸਰਕਾਰ ਦੇ ਜਤਨਾਂ ਤਹਿਤ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਦਿੱਲੀ ਹਾਟ, ਪੀਤਮਪੁਰਾ ਵਿੱਚ ਅਕਾਦਮੀ ਦੇ ਕਲਾਕਾਰਾਂ ਵੱਲੋਂ ਦੇ ਭਗਤੀ ਦੀਆਂ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਭਗਤੀ ਸਬੰਧੀ ਨੁੱਕੜ ਨਾਟਕ ਵੀ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਪ੍ਰੋਗਰਮਾਂ ਵਿੱਚ ਆਮ ਲੋਕਾਂ ਨੂੰ ਤਿਰੰਗੇ ਝੰਡੇ ਵੰਡੇ ਜਾ ਰਹੇ ਹਨ ਤਾਂ ਕਿ ਲੋਕਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਦੇ ਮਹੱਤਵ ਨੂੰ ਵਧਾਇਆ ਜਾ ਸਕੇ। ਲੋਕਾਂ ਨੂੰ ਆਜ਼ਾਦੀ ਦੀ ਕੀਮਤ ਦਾ ਅਹਿਸਾਸ ਹੋਣਾ ਚਾਹੀਦਾ ਹੈ। ਬੀਤੀ ਸ਼ਾਮ ਸੁਭਾਸ਼ ਗੋਇਲ ਅਤੇ ਅੰਜੂ ਗੋਇਲ ਨੇ ਦੇਸ਼ ਭਗਤੀ ਦੇ ਤਰਾਨਿਆਂ ਨਾਲ ਲੋਕਾਂ ਵਿਚ ਜ਼ੋਸ਼ ਭਰ ਦਿੱਤਾ। ਅਕਾਦਮੀ ਦੀ ਪੰਜਾਬੀ ਕੋਰੀਓਗ੍ਰਾਫੀ ਦੀ ਟੀਮ ਨੇ ਤਿੰਨ ਰੰਗ ਦੀਆਂ ਪੋਸ਼ਾਕਾਂ ਪਹਿਨ ਕੇ ਅਤੇ ਤਿਰੰਗਾ ਝੰਡਾ ਝੁਲਾਉਂਦਿਆਂ ਪੇਸ਼ਕਾਰੀਆਂ ਦਿੱਤੀਆਂ। 20 ਅਗਸਤ ਨੂੰ ਅਕਾਦਮੀ ਆਪਣਾ ਸਾਲਾਨਾ ‘ਕੌਮੀ ਕਵੀ ਦਰਬਾਰ’ ਵੀ ਕਰਵਾਉਣ ਜਾ ਰਹੀ ਹੈ। ਇਸ ਵਿੱਚ ਦੇਸ਼ ਦੇ ਪੰਜਾਬੀ ਸ਼ਾਇਰਾਂ ਨਾਲ ਦਿੱਲੀ ਵਾਸੀਆਂ ਨੂੰ ਰੂ-ਬ-ਰੂ ਕਰਵਾਇਆ ਜਾਏਗਾ।