ਪੱਤਰ ਪ੍ਰੇਰਕ
ਯਮੁਨਾਨਗਰ, 13 ਅਗਸਤ
ਸੋਮ ਨਦੀ ਵਿੱਚ ਪਹਿਲੀ ਵਾਰ 24000 ਕਿਊਸਿਕ ਪਾਣੀ ਆਉਣ ਕਾਰਨ ਦਰਜਨਾਂ ਪਿੰਡਾਂ ਵਿੱਚ ਤਬਾਹੀ ਮੱਚ ਗਈ ਹੈ। ਸੈਂਕੜੇ ਏਕੜ ਰਕਬੇ ਵਿੱਚ ਖੜ੍ਹੀਆਂ ਫਸਲਾਂ ਵੀ ਪ੍ਰਭਾਵਿਤ ਹੋਈਆਂ ਹਨ ਪਰ ਪ੍ਰਸ਼ਾਸਨ ਵੱਲੋਂ ਹੁਣ ਸੋਮ ਨਦੀ ਦੇ ਟੁੱਟੇ ਬੰਨ੍ਹ ਦੀ ਮੁਰੰਮਤ ਅਤੇ ਹੋਰ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤੇ ਗਏ ਹਨ। ਸੋਮ ਨਦੀ ਦੇ ਮੁੱਖ ਪੁਲ ਦੇ ਨੇੜੇ ਜਿੱਥੇ ਮਸ਼ੀਨਰੀ ਦੀ ਮਦਦ ਨਾਲ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਉਥੇ ਦਰਜਨਾਂ ਮਜ਼ਦੂਰ ਇੱਥੇ ਦਿਨ-ਰਾਤ ਕੰਮ ਕਰ ਕੇ ਇਸ ਕੰਮ ਨੂੰ ਜਲਦੀ ਪੂਰਾ ਕਰਨਾ ਚਾਹੁੰਦੇ ਹਨ। ਕੰਮ ਦੌਰਾਨ ਜੇ ਮੀਂਹ ਪੈਂਦਾ ਹੈ ਤਾਂ ਨਾ ਸਿਰਫ਼ ਮੁਰੰਮਤ ਦਾ ਕੰਮ ਰੁਕ ਜਾਵੇਗਾ ਸਗੋਂ ਇਸ ਵਾਰ ਹੋਰ ਵੀ ਵੱਡੀ ਤਬਾਹੀ ਹੋ ਸਕਦੀ ਹੈ। ਆਬਾਦੀ ਵਿੱਚੋਂ ਪਾਣੀ ਦਾ ਨਿਕਾਸ ਹੋ ਗਿਆ ਹੈ ਪਰ ਅਜੇ ਵੀ ਖੇਤਾਂ ਵਿੱਚ ਪਾਣੀ ਖੜ੍ਹਾ ਹੈ। ਜਲ ਸੇਵਾਵਾਂ ਬੋਰਡ ਦੇ ਐੱਸਡੀਓ ਸਹਿਦੇਵ ਡਾਗਰ ਨੇ ਕਿਹਾ ਕਿ ਜੇ ਮੀਂਹ ਨਾ ਪਿਆ ਤਾਂ ਇਹ ਕੰਮ ਦੋ ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੋਮ ਨਦੀ ਦੇ ਬੰਨ੍ਹ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ, ਉਨ੍ਹਾਂ ਖ਼ਿਲਾਫ਼ ਸ਼ਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੋਮ ਨਦੀ ਵਿੱਚ ਆਏ 24000 ਕਿਊਸਿਕ ਪਾਣੀ ਨਾਲ ਯਮੁਨਾਨਗਰ ਜ਼ਿਲ੍ਹੇ ਦੇ ਦਰਜਨਾਂ ਪਿੰਡ ਪ੍ਰਭਾਵਿਤ ਹੋਏ ਸਨ। ਲੋਕਾਂ ਨੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਇੱਕ ਥਾਂ ਤੇ ਸ਼ਰਾਰਤੀ ਅਨਸਰਾਂ ਨੇ ਨਦੀ ਦਾ ਬੰਨ੍ਹ ਤੋੜ ਦਿੱਤਾ ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਲੋਕ ਇਸ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਵੀ ਕਰ ਰਹੇ ਹਨ।