ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 13 ਅਗਸਤ
ਕੋਲਕਾਤਾ ਮੈਡੀਕਲ ਕਾਲਜ ਦੀ ਰੈਜ਼ੀਡੈਂਟ ਡਾਕਟਰ ਦੀ ਜਬਰ-ਜਨਾਹ ਪਿੱਛੋਂ ਬੇਰਹਿਮੀ ਨਾਲ ਕੀਤੀ ਹੱਤਿਆ ਦੇ ਵਿਰੋਧ ਵਿੱਚ ਸਰਕਾਰੀ ਹਸਪਤਾਲਾਂ ਦੇ ਸਮੂਹ ਡਾਕਟਰ ਭਲਕੇ ਓਪੀਡੀ ਅਤੇ ਹੋਰ ਚੋਣਵੀਂਆਂ ਸਿਹਤ ਸੇਵਾਵਾਂ ਬੰਦ ਰੱਖ ਕੇ ਪ੍ਰਦਰਸ਼ਨ ਕਰਨਗੇ। ਅੱਜ ਇੱਥੇ ਪੀਸੀਐਮਐਸ ਮੁਹਾਲੀ, ਫੈਕਲਟੀ ਐਸੋਸੀਏਸ਼ਨ ਏਮਜ਼ ਮੁਹਾਲੀ ਦੇ ਪ੍ਰਧਾਨ ਡਾ. ਆਸ਼ੀਸ਼ ਕੁਮਾਰ ਅਤੇ ਡਾ. ਅਸ਼ਵਨੀ ਕੁਮਾਰ ਗੁਪਤਾ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਵਿਰੋਧ ਪ੍ਰਦਰਸ਼ਨ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਓਪੀਡੀ ਸੇਵਾਵਾਂ ਅਤੇ ਚੋਣਵੀਆਂ ਸੇਵਾਵਾਂ ਬੰਦ ਰੱਖੀਆਂ ਜਾਣਗੀਆਂ। ਉਂਜ ਡਾਕਟਰਾਂ ਦੀ ਜਥੇਬੰਦੀ ਦੇ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਡਾਕਟਰਾਂ ਦੇ ਇਸ ਵਿਰੋਧ ਪ੍ਰਦਰਸ਼ਨ ਦਾ ਐਮਰਜੈਂਸੀ ਸੇਵਾਵਾਂ ’ਤੇ ਕੋਈ ਅਸਰ ਨਹੀਂ ਪਵੇਗਾ। ਇਹ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਤੋਂ ਨਿਰੰਤਰ ਜਾਰੀ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨ ਦਾ ਮੰਤਵ ਦੁਖਦਾਈ ਘਟਨਾ ਖ਼ਿਲਾਫ਼ ਗੁੱਸਾ ਪ੍ਰਗਟ ਕਰਨਾ ਅਤੇ ਇਨਸਾਫ਼ ਦੀ ਮੰਗ ਕਰਨਾ ਹੈ। ਉਨ੍ਹਾਂ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਸੁਰੱਖਿਆ ਲਈ ਸੈਂਟਰਲ ਪ੍ਰੋਟੈਕਸ਼ਨ ਐਕਟ ਦੀ ਵੀ ਮੰਗ ਕੀਤੀ।