ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 13 ਅਗਸਤ
ਚੰਡੀਗੜ੍ਹ ਨਗਰ ਨਿਗਮ ਵੱਲੋਂ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਕਰਵਾਏ ਤਿਰੰਗਾ ਮੁਕਾਬਲੇ ਵਿੱਚ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ (ਐਮਡਬਲਿਊਏ) ਸੈੱਕਟਰ-22 ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ (ਆਰਡਬਲਿਊਏ) ਸੈਕਟਰ-44 ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੁਕਾਬਲੇ ਵਿੱਚ ਸ਼ਹਿਰ ਦੀਆਂ ਲਗਪਗ ਤਮਾਮ ਮਾਰਕੀਟ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨੇ ਹਿੱਸਾ ਲਿਆ। ਨਿਗਮ ਤਰਫੋਂ ਬਾਹਰੀ ਮੁਲਾਂਕਣ ਕਰਨ ਲਈ ਤਾਇਨਾਤ ਟੀਮ ਨੇ 10 ਤੋਂ 12 ਅਗਸਤ ਤੱਕ ਵੱਖ-ਵੱਖ ਮਾਰਕੀਟਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਦੇਸ਼ ਭਗਤੀ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ। ਸੈਕਟਰ-44 ਦੀ ਮਾਰਕੀਟ ਨੇ ਆਪਣੇ ਨਿਵੇਕਲੇ ਪ੍ਰਦਰਸ਼ਨ ਨਾਲ ਪਹਿਲਾ ਸਥਾਨ ਹਾਸਲ ਕੀਤਾ। ਸੈਕਟਰ-49 ਦੀ ਮਾਰਕੀਟ ਨੇ ਛੋਟੇ ਆਕਾਰ ਦੇ ਬਾਵਜੂਦ ਵਾਤਾਵਰਨ-ਅਨੁਕੂਲ ਸਜਾਵਟ ਅਤੇ ਜੀਵੰਤ ਮਾਹੌਲ ਲਈ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੈਕਟਰ-24 ਦੀ ਮਾਰਕੀਟ ਨੇ ਰੀਸਾਈਕਲ ਕੀਤੀ ਸਮੱਗਰੀ ਅਤੇ ਰੰਗੋਲੀ ਦੀ ਰਚਨਾਤਮਕ ਵਰਤੋਂ ਨਾਲ ਤੀਜਾ ਸਥਾਨ ਹਾਸਲ ਕੀਤਾ। ਦੂਜੇ ਪਾਸੇ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-44 ਨੇ ਪਹਿਲਾ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-33 ਨੇ ਦੂਜਾ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-27 ਤੇ ਸੈਕਟਰ-22ਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ‘ਹਰ ਘਰ ਤਿਰੰਗਾ’ ਮੁਹਿੰਮ ਵਿੱਚ ਭਾਗ ਲੈਣ ਵਾਲਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੇ ਨਾ ਸਿਰਫ਼ ਦੇਸ਼ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਹੈ ਸਗੋਂ ਭਾਈਚਾਰਕ ਭਾਵਨਾ ਨੂੰ ਵੀ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਤੂਆਂ ਨੂੰ 15 ਅਗਸਤ ਨੂੰ ਹੋਣ ਵਾਲੇ ਸੁਤੰਤਰਤਾ ਦਿਵਸ ਪ੍ਰੋਗਰਾਮ ਦੌਰਾਨ ਸਨਮਾਨਿਆ ਜਾਵੇਗਾ ਅਤੇ 14 ਅਗਸਤ ਨੂੰ ਨਹਿਰੂ ਪਾਰਕ ਸੈਕਟਰ-22 ਵਿੱਚ ਕਰਵਾਏ ਜਾ ਰਹੇ ਤਿਰੰਗਾ ਸਨਮਾਨ ਸਮਾਗਮ ਵਿੱਚ ਭਾਗ ਲੈਣ ਵਾਲੇ ਸਾਰਿਆਂ ਦਾ ਸਨਮਾਨ ਕੀਤਾ ਜਾਵੇਗਾ।