ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 13 ਅਗਸਤ
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਅੱਜ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ। ਡੀਐੱਸਪੀ ਬੱਲ ਨੇ ਦੱਸਿਆ ਕਿ ਐੱਸਐੱਸਪੀ ਦੀਪਕ ਪਾਰਿਕ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸ਼ਹਿਰ ਅਤੇ ਪੇਂਡੂ ਖੇਤਰ ਵਿੱਚ ਥਾਂ-ਥਾਂ ’ਤੇ ਨਾਕਾਬੰਦੀ ਕਰ ਕੇ ਸ਼ੱਕੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਜਿੱਥੇ ਸੀਸੀਟੀਵੀ ਕੈਮਰਿਆਂ ਨਾਲ ਲੈੱਸ ਹਾਈਟੈੱਕ ਪੀਸੀਆਰ ਦੇ ਵਾਹਨ ਤਾਇਨਾਤ ਕੀਤੇ ਗਏ ਹਨ, ਉੱਥੇ ਨਸ਼ੀਲੀਆਂ ਵਸਤਾਂ ਅਤੇ ਧਮਾਕਾਖ਼ੇਜ਼ ਸਮੱਗਰੀ ਦਾ ਪਤਾ ਲਗਾਉਣ ਲਈ ਡਾਗ ਸਕੁਐਡ ਦੀ ਵੀ ਮਦਦ ਲਈ ਜਾ ਰਹੀ ਹੈ।
ਡੀਐੱਸਪੀ ਬੱਲ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਸਬੰਧੀ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਮੁਹਾਲੀ ਵਿੱਚ ਪਹਿਲਾਂ ਨਾਲੋਂ ਵਧੇਰੇ ਚੌਕਸੀ ਵਧਾਈ ਗਈ ਹੈ। ਦਿਨ ਅਤੇ ਰਾਤ ਸਮੇਂ ਪੁਲੀਸ ਗਸ਼ਤ ਅਤੇ ਪੈਟਰੋਲਿੰਗ ਤੇਜ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪੁਲੀਸ ਨਾਲ ਤਾਲਮੇਲ ਕਰ ਕੇ ਸਮੂਹ ਦਾਖ਼ਲਾ ਪੁਆਇੰਟ ਸੀਲ ਕਰ ਕੇ ਇਲਾਕੇ ਵਿੱਚ 25 ਤੋਂ 30 ਪੁਲੀਸ ਨਾਕੇ ਲਗਾਏ ਜਾਣਗੇ। ਇਸ ਤੋਂ ਇਲਾਵਾ ਭੀੜ ਵਾਲੀਆਂ ਥਾਵਾਂ ਸਣੇ ਮੁਹਾਲੀ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ ’ਤੇ ਆਉਣ ਜਾਣ ਵਾਲੇ ਯਾਤਰੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਫਲੈਗ ਮਾਰਚ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋਇਆ, ਜੋ ਫੇਜ਼-8, ਫੇਜ਼-9, ਫੇਜ਼-10, ਫੇਜ਼-11 ਤੋਂ ਅੱਗੇ ਏਅਰਪੋਰਟ ਰੋਡ, ਆਈਟੀ ਸਿਟੀ ਤੋਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜੇ ਟੀ-ਪੁਆਇੰਟ ’ਤੇ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਸੈਂਟਰਲ ਥਾਣਾ ਫੇਜ਼-8 ਦੇ ਐੱਸਐੱਚਓ ਰੁਪਿੰਦਰ ਸਿੰਘ, ਫੇਜ਼-11 ਦੇ ਐੱਸਐੱਚਓ ਗਗਨਦੀਪ ਸਿੰਘ, ਆਈਟੀ ਸਿਟੀ ਥਾਣਾ ਦੇ ਐੱਸਐੱਚਓ ਸਿਮਰ ਸ਼ੇਰਗਿੱਲ ਅਤੇ ਸੋਹਾਣਾ ਥਾਣਾ ਦੇ ਐੱਸਐੱਚਓ ਜਸਪ੍ਰੀਤ ਸਿੰਘ ਕਾਹਲੋਂ, ਪੀਸੀਆਰ ਦੇ ਇੰਚਾਰਜ ਇੰਸਪੈਕਟਰ ਤੇਜਿੰਦਰ ਸਿੰਘ ਸਣੇ ਸਮੂਹ ਥਾਣਿਆਂ ਦੇ ਪੁਲੀਸ ਕਰਮਚਾਰੀ ਮੌਜੂਦ ਸਨ।