ਆਤਿਸ਼ ਗੁਪਤਾ
ਚੰਡੀਗੜ੍ਹ, 13 ਅਗਸਤ
ਯੂਟੀ ਪ੍ਰਸ਼ਾਸਨ ਵੱਲੋਂ 78ਵੇਂ ਆਜ਼ਾਦੀ ਦਿਹਾੜੇ ਦੇ ਸਮਾਗਮ ਸਬੰਧੀ ਅੱਜ ਸੈਕਟਰ-17 ਵਿੱਚ ਸਥਿਤ ਪਰੇਡ ਗਰਾਊਂਡ ਵਿੱਚ ਫੁੱਲ ਡਰੈੱਸ ਰਿਹਰਸਲ ਕੀਤੀ ਗਈ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਚੰਡੀਗੜ੍ਹ ਪੁਲੀਸ, ਸੁਰੱਖਿਆ ਬਲਾਂ ਤੇ ਐੱਨਐੱਸਐੱਸ ਵਿਦਿਆਰਥੀਆਂ ਦੀਆਂ ਟੁਕੜੀਆਂ ਨੇ ਸਲਾਮੀ ਦਿੱਤੀ। ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਪਰੇਡ ਦੀ ਸਲਾਮੀ ਲਈ। ਚੰਡੀਗੜ੍ਹ ਵਿੱਚ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਪਹੁੰਚਣਗੇ ਤੇ ਉਨ੍ਹਾਂ ਵੱਲੋਂ ਕੌਮੀ ਝੰਡਾ ਲਹਿਰਾਇਆ ਜਾਵੇਗਾ।
ਸੈਕਟਰ-17 ਵਿੱਚ ਆਜ਼ਾਦੀ ਦਿਹਾੜੇ ਦੇ ਸਮਾਗਮ ਦੀ ਰਿਹਰਸਲ ਦੌਰਾਨ ਚੰਡੀਗੜ੍ਹ ਦੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਵੱਲੋਂ ਪੇਸ਼ਕਾਰੀ ਵੀ ਦਿੱਤੀ ਗਈ ਹੈ। ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ ਨੂੰ ਪੇਸ਼ ਕੀਤਾ। ਇਸ ਦੌਰਾਨ ਯੂਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਆਜ਼ਾਦੀ ਦਿਹਾੜੇ ’ਤੇ ਕੱਢੀਆਂ ਜਾਣ ਵਾਲੀਆਂ ਝਾਕੀਆਂ ਬਾਰੇ ਵੀ ਚਾਨਣਾ ਪਾਇਆ ਗਿਆ।
ਚੰਡੀਗੜ੍ਹ ਦੇ ਡੀਜੀਪੀ ਸੁਰਿੰਦਰ ਯਾਦਵ ਨੇ ਆਜ਼ਾਦੀ ਦਿਹਾੜੇ ਦੇ ਮੌਕੇ ਚੰਡੀਗੜ੍ਹ ਪੁਲੀਸ ਵੱਲੋਂ ਆਵਾਜਾਈ ਪ੍ਰਬੰਧਾਂ ਲਈ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਡੀਜੀਪੀ ਨੇ ਸਾਰੇ ਪੁਲੀਸ ਅਧਿਕਾਰੀਆਂ ਨੂੰ ਵੀ ਆਜ਼ਾਦੀ ਦਿਹਾੜੇ ’ਤੇ ਸ਼ਹਿਰ ਵਿੱਚ ਪੁਖਤਾ ਸੁਰੱਖਿਆ ਪ੍ਰਬੰਧ ਰੱਖਣ ਦੇ ਨਿਰਦੇਸ਼ ਦਿੱਤੇ।
ਆਜ਼ਾਦੀ ਦਿਹਾੜੇ ’ਤੇ ਕੁਝ ਸੜਕਾਂ ਕੀਤੀਆਂ ਜਾਣਗੀਆਂ ਬੰਦ
ਚੰਡੀਗੜ੍ਹ ਟਰੈਫਿਕ ਪੁਲੀਸ ਵੱਲੋਂ ਆਜ਼ਾਦੀ ਦਿਹਾੜੇ ਦੇ ਸਮਾਗਮ ਕਰ ਕੇ ਸਵੇਰੇ 6.30 ਵਜੇ ਤੋਂ ਦੁਪਹਿਰ ਤੱਕ ਕੁੱਝ ਸੜਕਾਂ ਬੰਦ ਰਹਿਣਗੀਆਂ। ਜਾਣਕਾਰੀ ਅਨੁਸਾਰ ਸੈਕਟਰ-16/17/22/23 ਤੋਂ ਸੈਕਟਰ-22 ਏ ਦੇ ਪੈਟਰੋਲ ਪੰਪ ਤੱਕ, ਸੈਕਟਰ-17 ਵਿੱਚ ਅਦਾਲਤ ਦੀ ਪੁਰਾਣੀ ਬਿਲਡਿੰਗ ਤੋਂ ਸ਼ਿਵਾਲਿਕ ਹੋਟਲ ਤੱਕ, ਸੈਕਟਰ-17 ਨਗਰ ਨਿਗਮ ਦਫ਼ਤਰ ਤੋਂ ਪਰੇਡ ਗਰਾਊਂਡ ਤੱਕ, ਸੈਕਟਰ-22/23 ਲਾਈਟ ਪੁਆਇੰਟ ਤੋਂ ਸੈਕਟਰ-16/17/22/23 ਵਾਲੇ ਚੌਕ ਤੱਕ ਅਤੇ ਸੈਕਟਰ-16/23 ਵਾਲੇ ਛੋਟੇ ਚੌਕ ਤੋਂ ਸੈਕਟਰ-16/17/22/23 ਵਾਲੇ ਚੌਕ ਤੱਕ ਸੜਕਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਸੈਕਟਰ-22 ਏ ਮਾਰਕੀਟ ਦੀ ਪਾਰਕਿੰਗ ਆਮ ਲੋਕਾਂ ਲਈ ਬੰਦ ਰਹੇਗੀ। ਪੁਲੀਸ ਨੇ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਸੈਕਟਰ-22 ਬੀ ਦੀ ਪਾਰਕਿੰਗ, ਸੈਕਟਰ-17 ਸਰਕਸ ਗਰਾਊਂਡ, ਸੈਕਟਰ-17 ’ਚ ਨੀਲਮ ਸਿਨੇਮਾ ਦੇ ਨਜ਼ਦੀਕ ਅਤੇ ਸੈਕਟਰ-17 ਦੀ ਮਲਟੀ ਸਟੋਰੀ ਪਾਰਕਿੰਗ ਵਿੱਚ ਪਾਰਕ ਕਰ ਸਕਦੇ ਹਨ।