ਸਤਵਿੰਦਰ ਬਸਰਾ
ਲੁਧਿਆਣਾ, 13 ਅਗਸਤ
ਜ਼ਿਲ੍ਹਾ ਲੁਧਿਆਣਾ ਵਿੱਚ 15 ਅਗਸਤ ਨੂੰ 78ਵੇਂ ਸੁਤੰਤਰਤਾ ਦਿਵਸ ਦੇ ਸਬੰਧ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਲਈ ਪੀਏ.ੂ ਦੇ ਮੈਦਾਨ ਵਿੱਚ ਫੁੱਲ ਡਰੈੱਸ ਰਿਹਰਸਲ ਹੋਈ। ਇਸ ਮੌਕੇ ਡੀਸੀ ਸਾਕਸ਼ੀ ਸਾਹਨੀ ਨੇ ਰਿਹਰਸਲ ਦਾ ਨਿਰੀਖਣ ਕੀਤਾ। ਇਸ ਮੌਕੇ ਡੀ.ਸੀ.ਪੀ. ਜਸਕਰਨ ਸਿੰਘ ਤੇਜਾ ਅਤੇ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਵੀ ਮੌਜੂਦ ਸਨ। ਡੀਸੀ ਸਾਕਸ਼ੀ ਸਾਹਨੀ ਨੇ ਪਰੇਡ ਦੀ ਪ੍ਰਧਾਨਗੀ ਕਰਦਿਆਂ ਝੰਡਾ ਲਹਿਰਾਇਆ। ਉਨ੍ਹਾਂ ਪਰੇਡ ਕਮਾਂਡਰ ਆਈ.ਪੀ.ਐੱਸ. ਜਯੰਤ ਪੁਰੀ ਦੀ ਅਗਵਾਈ ਵਿੱਚ ਪੰਜਾਬ ਪੁਲੀਸ (ਲੜਕੇ ਅਤੇ ਲੜਕੀਆਂ), ਪੰਜਾਬ ਹੋਮ ਗਾਰਡਜ਼, ਐੱਨ.ਸੀ.ਸੀ. ਸਕਾਊਟਸ (ਲੜਕੇ ਅਤੇ ਲੜਕੀਆਂ) ਅਤੇ ਹੋਰਾਂ ਸਮੇਤ ਮਾਰਚ ਪਾਸਟ ਵਿੱਚ ਭਾਗ ਲੈਣ ਵਾਲੀਆਂ ਟੁਕੜੀਆਂ ਤੋਂ ਸਲਾਮੀ ਵੀ ਲਈ। ਮਾਰਚ ਪਾਸਟ ਤੋਂ ਬਾਅਦ 27 ਸਰਕਾਰੀ ਸਕੂਲਾਂ ਦੇ 750 ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੀਟੀ ਸ਼ੋਅ, ਸਪਰਿੰਗ ਡੇਲ ਸਕੂਲ, ਬੀ.ਵੀ.ਐੱਮ. ਸਕੂਲ, ਡੀ.ਏ.ਵੀ. ਸਕੂਲ ਅਤੇ ਹੋਰਾਂ ਸਮੇਤ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦਾ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪਹਿਲੀ ਵਾਰ ਹੈਬੋਵਾਲ ਦੇ ਵੋਕੇਸ਼ਨਲ ਰੀ-ਹੈਬੀਲੀਟੇਸ਼ਨ ਟਰੇਨਿੰਗ ਸੈਂਟਰ (ਵੀ.ਆਰ.ਟੀ.ਸੀ.) ਦੇ ਨੇਤਰਹੀਣ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਗਾਇਆ ਜਦਕਿ ਸਰਾਭਾ ਨਗਰ ਸਥਿਤ ਰੈੱਡ ਕਰਾਸ ਡੈੱਫ ਐਂਡ ਡੰਬ ਸਕੂਲ ਦੇ ਬੋਲਣ ਅਤੇ ਸੁਣਨ ਤੋਂ ਅਸਮਰੱਥ ਵਿਦਿਆਰਥੀਆਂ ਨੇ ਸੰਕੇਤਕ ਭਾਸ਼ਾ ਦੀ ਵਰਤੋਂ ਕਰਦਿਆਂ ਉਨ੍ਹਾਂ ਨਾਲ ਸ਼ਿਰਕਤ ਕੀਤੀ। ਫੁੱਲ-ਡਰੈਸ ਰਿਹਰਸਲ ਤੋਂ ਕੁਝ ਮਿੰਟ ਬਾਅਦ ਡਿਪਟੀ ਕਮਿਸ਼ਨਰ ਨੇ ਸਟੇਡੀਅਮ ਵਿੱਚ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰ ਕੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਇੱਥੇ 15 ਅਗਸਤ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਪਾਇਲ ਪੁਲੀਸ ਵੱਲੋਂ ਫਲੈਗ ਮਾਰਚ
ਪਾਇਲ (ਪੱਤਰ ਪ੍ਰੇਰਕ): ਇੱਥੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਡੀਐੱਸਪੀ ਪਾਇਲ ਨਿਖਿਲ ਗਰਗ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਵਿੱਚ ਐੱਸਆਈ ਅਜਮੇਰ ਸਿੰਘ, ਐੱਸਐਚਓ ਦੋਰਾਹਾ ਗੁਰਪ੍ਰਤਾਪ ਸਿੰਘ, ਥਾਣੇਦਾਰ ਸੋਹਣ ਸਿੰਘ ਜਲਾਜਣ, ਥਾਣੇਦਾਰ ਤਰਵਿੰਦਰ ਕੁਮਾਰ ਬੇਦੀ ਤੇ ਮਹਿਲਾ ਕਾਂਸਟੇਬਲ ਤੋਂ ਇਲਾਵਾ ਪੰਜਾਬ ਪੁਲੀਸ ਦੇ ਮੁਲਾਜ਼ਮ ਮੌਜੂਦ ਸਨ। ਡੀਐੱਸਪੀ ਪਾਇਲ ਨਿਖਿਲ ਗਰਗ ਨੇ ਦੱਸਿਆ ਕਿ ਐੱਸਐਸਪੀ ਖੰਨਾ ਅਸ਼ਵਨੀ ਗੁਟਿਆਲ ਦੀਆਂ ਹਦਾਇਤਾਂ ਅਨੁਸਾਰ 15 ਅਗਸਤ ਨੂੰ ਆਜ਼ਾਦੀ ਦਿਵਸ ਨੂੰ ਸਮਰਪਿਤ ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕੋਈ ਵੀ ਸ਼ੱਕੀ ਚੀਜ਼, ਬੈਗ ਵਗੈਰਾ ਮਿਲਦਾ ਹੈ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ।
ਕਾਲੀਆਂ ਝੰਡੀਆਂ ਨਾਲ ਮੁਜ਼ਾਹਰਾ ਕਰਨਗੇ ਕਿਸਾਨ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੱਦੇ ’ਤੇ 15 ਅਗਸਤ ਨੂੰ ਸੂਬੇ ਭਰ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕਾਲੇ ਝੰਡੇ ਦਿਖਾ ਕੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਜਨਾਜ਼ਾ ਕੱਢਿਆ ਜਾਵੇਗਾ। ਇਸ ਸਬੰਧੀ ਜ਼ਿਲ੍ਹੇ ਭਰ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਪਿਛਲੀਆਂ ਕਾਂਗਰਸ ਤੇ ਅਕਾਲੀ ਸਰਕਾਰਾਂ ’ਚ ਕੋਈ ਫ਼ਰਕ ਨਹੀਂ ਹੈ। ਕਿਸਾਨੀ ਦੀਆਂ ਮੰਗਾਂ ਪ੍ਰਤੀ ਮੋਦੀ ਸਰਕਾਰ ਤੇ ਮਾਨ ਸਰਕਾਰ ’ਚ ਕੋਈ ਬੁਨਿਆਦੀ ਅੰਤਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਮੰਤਰੀ ਜਦੋਂ ਆਜ਼ਾਦੀ ਜਸ਼ਨਾਂ ‘ਚ ਮਸ਼ਗੂਲ ਹੋਣਗੇ ਤਾਂ ਕਿਸਾਨ ਕਾਲੇ ਝੰਡਿਆਂ ਨਾਲ ਰੋਸ ਮੁਜ਼ਾਹਰਾ ਕਰਨਗੇ। ਜਗਰਾਉਂ ਵਿੱਚ ਵੀ 15 ਅਗਸਤ ਨੂੰ ਵੱਡੀ ਗਿਣਤੀ ’ਚ ਕਿਸਾਨ ਸਵੇਰੇ 10 ਵਜੇ ਸਥਾਨਕ ਬੱਸ ਸਟੈਂਡ ’ਤੇ ਇਕੱਤਰ ਹੋ ਕੇ ਕਾਲੇ ਝੰਡਿਆਂ ਨਾਲ ਰੋਸ ਪ੍ਰਗਟਾਉਣਗੇ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਲੋਧੀਵਾਲ, ਤਰਸੇਮ ਸਿੰਘ ਬੱਸੂਵਾਲ, ਬਲਜੀਤ ਕੌਰ ਕੇ ਦਲਜੀਤ ਕੌਰ ਬੱਸੂਵਾਲ ਹਾਜ਼ਰ ਸਨ।