ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਅਗਸਤ
ਇੱਥੋਂ ਦੇ ਪਿੰਡ ਗੁਰੂ ਨਾਨਕ ਨਗਰ ਚੂੜਲ ਕਲਾਂ ਵਿੱਚ ਇਕ ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੋ ਜਣੇ ਜ਼ਖ਼ਮੀ ਹੋ ਗਏ। ਜਦੋਂ ਕਿ ਇਕ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਸਬੰਧੀ ਸਦਰ ਪੁਲੀਸ ਅਧੀਨ ਪੈਂਦੀ ਜ਼ੈਲ ਚੌਕੀ ਦੇ ਇੰਚਾਰਜ ਸੱਤ ਪ੍ਰਕਾਸ਼ ਨੇ ਦੱਸਿਆ ਕਿ ਅਰੁਣ ਪੁੱਤਰ ਰਾਜਵੀਰ ਸਿੰਘ ਵਾਸੀ ਅੰਬੇਡਕਰ ਕਲੋਨੀ ਰੋਹਤਕ ਹਾਲ ਵਾਸੀ ਜਾਖਲ ਮੰਡੀ ਦੀ ਸ਼ਿਕਾਇਤ ’ਤੇ ਕਾਰ (ਐੱਚਆਰ 52 ਸੀ 0818) ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਅਰੁਣ ਕੁਮਾਰ ਨੇ ਦੱਸਿਆ ਕਿ ਉਸ ਦੇ ਲੜਕੇ ਪ੍ਰਿਆਂਸ਼ੂ (12) ਅਤੇ ਦਿਵਿਆਂਸ਼ੂ (7) ਅਮਨ ਪੁੱਤਰ ਅਸ਼ੋਕ ਕੁਮਾਰ ਵਾਸੀ ਜਾਖਲ ਦੇ ਘਰ ਗਏ ਸਨ। ਇਸ ਦੌਰਾਨ ਉਹ ਅਮਨ ਦੇ ਮੋਟਰਸਾਈਕਲ ਵਿੱਚ ਤੇਲ ਪਵਾਉਣ ਗੁਰੂ ਨਾਨਕ ਨਗਰ ਚੂੜਲ ਕਲਾਂ ਚਲੇ ਗਏ। ਮੋਟਰਸਾਈਕਲ ਅਮਨ ਚਲਾ ਰਿਹਾ ਸੀ। ਜਦੋਂ ਇਹ ਮੇਨ ਰੋਡ ’ਤੇ ਪੁੱਜੇ ਤਾਂ ਪਿੱਛੋਂ ਆ ਰਹੀ ਕਾਰ ਨੇ ਇਨ੍ਹਾਂ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ। ਤਿੰਨੋਂ ਜਣੇ ਜ਼ਖ਼ਮੀ ਹੋ ਗਏ ਤੇ ਇਨ੍ਹਾਂ ਨੂੰ ਹਿਸਾਰ ਦੇ ਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਦੌਰਾਨ ਜ਼ੇਰੇ ਇਲਾਜ ਪ੍ਰਿਆਂਸ਼ੂ ਦੀ ਮੌਤ ਹੋ ਗਈ।