ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਅਗਸਤ
ਇਥੋਂ ਨੇੜਲੇ ਪਿੰਡ ਬਡਰੁੱਖਾਂ ਵਿੱਚ ਤੀਆਂ ਦਾ ਮੇਲਾ ਕਰਵਾਇਆ ਗਿਆ। ਦੋ ਰੋਜ਼ਾ ਮੇਲੇ ਵਿੱਚ ਹਜ਼ਾਰਾਂ ਧੀਆਂ ਅਤੇ ਪਿੰਡ ਦੀਆਂ ਨੂੰਹਾਂ ਨੇ ਸ਼ਿਰਕਤ ਕੀਤੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਖੇਡ ਸਟੇਡੀਅਮ ਵਿੱਚ ਸਮਾਗਮ ਦੌਰਾਨ ਤੀਆਂ ਦੀਆਂ ਖੂਬ ਰੌਣਕਾਂ ਲੱਗੀਆਂ ਤੇ ਕੁੜੀਆਂ ਨੇ ਲੋਕ ਬੋਲੀਆਂ ਨਾਲ ਖੂਬ ਰੰਗ ਬੰਨ੍ਹ ਦਿੱਤਾ। ਇਸ ਮੌਕੇ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾਂ ਤੀਆਂ ਦੇ ਮੇਲੇ ’ਚ ਮੁਟਿਆਰਾਂ ਨਾਲ ਗਿੱਧਾ ਪਾਉਂਦਿਆਂ ਖੁਸ਼ੀਆਂ ਮਨਾਈਆਂ।
ਸਾਬਕਾ ਸਰਪੰਚ ਦੇ ਪੁੱਤਰ ਤੇ ਟਰੱਕ ਯੂਨੀਅਨ ਸੰਗਰੂਰ ਦੇ ਸਾਬਕਾ ਪ੍ਰਧਾਨ ਰਣਦੀਪ ਸਿੰਘ ਮਿੰਟੂ ਦੀ ਅਗਵਾਈ ਹੇਠ ਟੀਮ ਵਲੋਂ ਤੀਆਂ ਦੇ ਮੇਲੇ ਦਾ ਪ੍ਰਬੰਧ ਕੀਤਾ ਗਿਆ। ਮੇਲੇ ’ਚ ਪੰਚਾਇਤ ਵਲੋਂ ਬੱਚਿਆਂ ਲਈ ਝੂਲੇ , ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵਸਤਾਂ ਅਤੇ ਖਿਡੌਣੇ ਆਦਿ ਦੀਆਂ ਸਟਾਲਾਂ ਵੀ ਲਗਵਾਈਆਂ ਗਈਆਂ ਪ੍ਰਬੰਧਕਾਂ ’ਚ ਰਣਦੀਪ ਸਿੰਘ ਮਿੰਟੂ ਅਤੇ ਮਹਿਲਾ ਪ੍ਰਬੰਧਕ ਡਾ. ਹਰਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੀਆਂ ਕੁੜੀਆਂ ਦੀ ਮੰਗ ’ਤੇ ਪਿਛਲੇ ਕਈ ਸਾਲਾਂ ਤੋਂ ਤੀਆਂ ਦਾ ਤਿਉਹਾਰ ਲਈ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ। ਇਸ ਮੌਕੇ ਮੁੱਖ ਮਹਿਮਾਨ ਨਰਿੰਦਰ ਕੌਰ ਭਰਾਜ ਨੂੰ ਫੁਲਕਾਰੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਅਜਿਹੇ ਮੇਲੇ ਪਿੰਡ ਪਿੰਡ ਲਗਾਉਣ ਦੀ ਲੋੜ ਹੈ ਤਾਂ ਜੋ ਆਪਸੀ ਪਿਆਰ ਅਤੇ ਸਾਂਝ ਮਜ਼ਬੂਤ ਹੋਵੇੇ।