ਪੱਤਰ ਪ੍ਰੇਰਕ
ਅਜਨਾਲਾ, 13 ਅਗਸਤ
ਇਸ ਸ਼ਹਿਰ ਦੇ ਫਤਿਹਗੜ੍ਹ ਚੂੜੀਆਂ ਰੋਡ ’ਤੇ ਨਗਰ ਪੰਚਾਇਤ ਅਜਨਾਲਾ ਵੱਲੋਂ ਬਣਾਏ ਗਏ ਜਨਤਕ ਪਖਾਨੇ ਬੰਦ ਹੋਣ ਨਾਲ ਰਾਹਗੀਰ ਅਤੇ ਦੁਕਾਨਦਾਰ ਪ੍ਰੇਸ਼ਾਨ ਹਨ। ਇਹ ਜਨਤਕ ਪਖਾਨੇ ਕੁਝ ਸਮਾਂ ਉਸਾਰੀ ਅਧੀਨ ਹੀ ਪਏ ਰਹੇ ਅਤੇ ਜਦ ਇਹ ਬਣ ਕੇ ਤਿਆਰ ਹੋਏ ਤਾਂ ਕੁਝ ਸਮਾਂ ਚੱਲਣ ਉਪਰੰਤ ਇਸ ਦੀਆਂ ਟੂਟੀਆਂ ਸਮੇਤ ਹੋਰ ਸਾਮਾਨ ਚੋਰੀ ਹੋਣ ਮਗਰੋਂ ਨਗਰ ਪੰਚਾਇਤ ਵੱਲੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਪਰ ਇਸ ਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਦੁਕਾਨਦਾਰ ਜਗਤਾਰ ਸਿੰਘ, ਰਵੀ ਕੁਮਾਰ, ਅਰੁਣ ਕੁਮਾਰ, ਸਮਾਜ ਸੇਵੀ ਦਵਿੰਦਰ ਔਲਖ, ਪ੍ਰੇਮ ਕੁਮਾਰ ਅਨੰਦ ਅਤੇ ਸ਼ਮਸ਼ੇਰ ਸਿੰਘ ਨੇ ਨਗਰ ਪੰਚਾਇਤ ਅਜਨਾਲਾ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬੰਦ ਪਿਆ ਬਾਥਰੂਮ ਚਾਲੂ ਕਰਕੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਖੋਲ੍ਹਣ ਦਾ ਪ੍ਰਬੰਧ ਕੀਤਾ ਜਾਵੇ। ਇਸ ਸਬੰਧੀ ਨਗਰ ਪੰਚਾਇਤ ਅਜਨਾਲਾ ਦੇ ਕਾਰਜ ਸਾਧਕ ਅਫਸਰ ਜਤਿੰਦਰ ਮਹਾਜਨ ਨੇ ਕਿਹਾ ਕਿ ਜੋ ਬਾਥਰੂਮ ਬੰਦ ਪਏ ਹਨ, ਉਨ੍ਹਾਂ ਨੂੰ ਤੁਰੰਤ ਖੋਲ ਕੇ ਆਮ ਲੋਕਾਂ ਦੀ ਵਰਤੋਂ ਵਿੱਚ ਲਿਆਂਦਾ ਜਾਵੇਗਾ।