ਪੱਤਰ ਪ੍ਰੇਰਕ
ਫਿਲੌਰ, 13 ਅਗਸਤ
ਪਿੰਡ ਮਹਿਸਮਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਮਨੋਰੋਗਾਂ ਅਤੇ ਵਹਿਮਾਂ ਭਰਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ। ਮੁੱਖ ਬੁਲਾਰੇ ਰਾਜੂ ਸੋਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸੁਨਿਹਰੀ ਭਵਿੱਖ ਲਈ ਵਹਿਮਾਂ ਭਰਮਾਂ ਤੇ ਮਾਨਸਿਕ ਸਮੱਸਿਆਵਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਦੀ ਕਿਸ਼ੋਰ ਉਮਰ ਦੌਰਾਨ ਗੁੱਸਾ, ਖਿੱਝ, ਚਿੜਚਿੜਾਪਣ, ਪੜ੍ਹਾਈ ਵਿੱਚ ਮਨ ਨਾ ਲੱਗਣਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਲੈਕਚਰਾਰ ਅਮਰਜੀਤ ਸਿੰਘ ਮਹਿਮੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਕੂਲ ਵਿੱਚ ਸਮੇਂ ਸਮੇਂ ਸਿਰ ਵੱਖ ਵੱਖ ਸਰਗਰਮੀਆਂ ਕਰਕੇ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾਂਦਾ ਹੈ ਜਿਸ ਨਾਲ ਵਿਦਿਆਰਥੀਆਂ ਅੰਦਰ ਪੜ੍ਹਨ ਲਿਖਣ ਅਤੇ ਸਮਾਜ ਵਿੱਚ ਕੁਝ ਨਵਾਂ ਕਰਨ ਦੀ ਜਿਗਿਆਸਾ ਪੈਦਾ ਹੁੰਦੀ ਹੈ। ਸਿਮਰਨ ਨੇ ਵਿਦਿਆਰਥੀਆਂ ਨਾਲ ਸੱਭਿਆਚਾਰਕ ਪ੍ਰੋਗਰਾਮ ਕਰਦਿਆਂ ਵਿਦਿਆਰਥੀਆ ਦੀ ਭੁੱਲੀਆਂ ਵਿਸਰੀਆਂ ਬੁਝਾਰਤਾਂ ਨਾਲ ਸਾਂਝ ਪਵਾਈ। ਲੈਕਚਰਾਰ ਰਮਨ ਕੁਮਾਰ ਨੇ ਸੈਮੀਨਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਹਰ ਸਕੂਲ ਵਿੱਚ ਹੋਣੇ ਚਾਹੀਦੇ ਹਨ।