ਦੀਪਕ ਠਾਕੁਰ
ਤਲਵਾੜਾ, 13 ਅਗਸਤ
ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਬੀਤੇ ਦਿਨੀਂ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕੇਂਦਰੀ ਵਜ਼ੀਰ ਕੋਲ਼ ਬੀਬੀਐੱਮਬੀ ਹਸਪਤਾਲ ਤਲਵਾੜਾ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ।
ਇਸ ਮੌਕੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਪੰਜਾਬ ਦੇ ਹੋਰ ਮੁੱਦਿਆਂ ’ਤੇ ਵੀ ਕੇਂਦਰੀ ਮੰਤਰੀ ਨਾਲ ਚਰਚਾ ਕੀਤੀ। ਉਨ੍ਹਾਂ ਸ੍ਰੀ ਖੱਟਰ ਨੂੰ ਦੱਸਿਆ ਕਿ ਊਰਜਾ ਮੰਤਰਾਲੇ ਅਧੀਨ ਆਉਣ ਵਾਲਾ ਤਲਵਾੜਾ ਸਥਿਤ 100 ਬਿਸਤਰਿਆਂ ਵਾਲਾ ਬੀਬੀਐੱਮਬੀ ਹਸਪਤਾਲ ਪੌਂਗ ਡੈਮ ਦੇ ਨਿਰਮਾਣ ਮੌਕੇ ਬਣਾਇਆ ਗਿਆ ਸੀ। ਪੰਜਾਬ ਹਿਮਾਚਲ ਪ੍ਰਦੇਸ਼ ਸੀਮਾ ’ਤੇ ਬਣੇ ਇਸ ਹਸਪਤਾਲ ਨੇ ਦੋਵੇਂ ਸੂਬਿਆਂ ਦੇ ਬਾਸ਼ਿੰਦਿਆਂ ਨੂੰ ਉਸ ਵਕਤ ਮਿਆਰੀ ਸਿਹਤ ਸੁਵਿਧਾਵਾਂ ਪ੍ਰਦਾਨ ਕੀਤੀਆਂ। ਕਈ ਲੋਕਾਂ ਦੀਆਂ ਜਾਨਾਂ ਬਚਾਉਣ ’ਚ ਅਹਿਮ ਭੂਮਿਕਾ ਨਿਭਾਈ ਪਰ ਸਮਾਂ ਬੀਤਣ ਨਾਲ ਸ਼ੁਰੂ ਹੋਈ ਲਾਪਰਵਾਈ ਕਾਰਨ ਹਸਪਤਾਲ ’ਚ ਸਿਹਤ ਸੁਵਿਧਾਵਾ ਦਾ ਪੱਧਰ ਲਗਾਤਾਰ ਡਿੱਗਦਾ ਚਲਾ ਗਿਆ। ਸੁਵਿਧਾਵਾਂ ਦੀ ਘਾਟ ਕਾਰਨ ਅੱਜ ਇਹ ਰੈਫ਼ਰ ਹਸਪਤਾਲ ਬਣ ਕੇ ਰਹਿ ਗਿਆ ਹੈ। ਖੇਤਰ ਦੇ ਲੋਕਾਂ ਦੀ ਅਹਿਮ ਮੰਗ ਅਤੇ ਪੰਜਾਬ ਵਾਸੀਆਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁੱਹਇਆ ਕਰਵਾਉਣ ਹਿੱਤ ਸੰਸਦ ਮੈਂਬਰ ਹਰਭਜਨ ਸਿੰਘ ਨੇ ਕੇਂਦਰੀ ਵਜ਼ੀਰ ਨੂੰ ਬੀਬੀਐੱਮਬੀ ਹਸਪਤਾਲ ਨੂੰ ਏਮਜ਼ ਜਾਂ ਪੀਜੀਆਈ ਸੈਟੇਲਾਈਟ ਕੇਂਦਰ ’ਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਇਸ ਸਬੰਧੀ ਕੇਂਦਰੀ ਵਜ਼ੀਰ ਮਨੋਹਰ ਲਾਲ ਖੱਟਰ ਨੂੰ ਮੰਗ ਪੱਤਰ ਵੀ ਸੌਂਪਿਆ।