ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਅਗਸਤ
ਅੰਬਾਲਾ ਦੀ ਸਾਇਬਰ ਥਾਣਾ ਪੁਲੀਸ ਨੇ 60 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਸਾਇਬਰ ਠੱਗ ਨੂੰ ਨਵਾਂਗਾਉਂ (ਮੁਹਾਲੀ) ਤੋਂ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਮੁਲਜ਼ਮ ਨੂੰ ਪੰਜ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮ ਦੀ ਪਛਾਣ ਉੱਤਰ-ਪੱਛਮੀ ਦਿੱਲੀ ਦੇ ਰਹਿਣ ਵਾਲੇ ਰਾਜਿੰਦਰ ਵਜੋਂ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮ ਵਾਰ-ਵਾਰ ਆਪਣਾ ਟਿਕਾਣਾ ਬਦਲ ਰਿਹਾ ਸੀ। ਉਹ ਚੰਡੀਗੜ੍ਹ, ਉੱਤਰਾਖੰਡ, ਦਿੱਲੀ ਅਤੇ ਮੁਹਾਲੀ ਵਿੱਚ ਕਿਰਾਏ ’ਤੇ ਹੋਟਲ ਲੈ ਕੇ ਰਹਿ ਰਿਹਾ ਸੀ। ਅੰਬਾਲਾ ਸਾਇਬਰ ਪੁਲੀਸ ਨੇ ਲਗਾਤਾਰ ਪਿੱਛਾ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਅਦਾਲਤ ਤੋਂ ਉਸ ਦਾ ਪੰਜ ਦਿਨਾਂ ਦਾ ਰਿਮਾਂਡ ਲਿਆ ਗਿਆ ਹੈ। ਇਸ ਮਾਮਲੇ ਦੇ ਸਬੰਧ ਵਿੱਚ ਮੁਲਾਣਾ ਦੇ ਰਹਿਣ ਵਾਲੇ ਪ੍ਰਵੇਸ਼ ਕੁਮਾਰ ਵੱਲੋਂ 29 ਜੂਨ ਨੂੰ ਸਾਇਬਰ ਥਾਣੇ ਵਿੱਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਸੀ।
ਪੀੜਤ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਮੁਲਜ਼ਮ ਰਾਜਿੰਦਰ ਅਤੇ ਉਸ ਦੇ ਸਾਥੀਆਂ ਨੇ ਮਿਲ ਕੇ ਉਸ ਨਾਲ ਸ਼ੇਅਰ ਮਾਰਕੀਟਿੰਗ ਦੇ ਨਾਂ ’ਤੇ 60 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲੀਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਧਾਰਾ 406/419/420 ਤੇ 120ਬੀ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।