ਦੇਵਿੰਦਰ ਸਿੰਘ ਜੱਗੀ
ਪਾਇਲ, 14 ਅਗਸਤ
ਗੋਆ ਦੇ ਮਹਾਨ ਸ਼ਹੀਦ ਮਾ. ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਸਬੰਧੀ 15 ਅਗਸਤ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਅਤੇ ਲਾਇਬ੍ਰੇਰੀ ਦੇ ਉਦਘਾਟਨ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਿੰਡ ਈਸੜੂ ਵਿੱਚ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਡੀਸੀ ਲੁਧਿਆਣਾ ਸ਼ਾਕਸੀ ਸਾਹਨੀ, ਐੱਸਐਸਪੀ ਖੰਨਾ ਅਸ਼ਵਨੀ ਗੋਟਿਆਲ ਵੱਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਉੁਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਐੱਸਡੀਐੱਮ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਸੀਨਅਰ ਅਧਿਕਾਰੀ ਵੀ ਮੌਜੂਦ ਸਨ।
ਵਿਧਾਇਕ ਸੌਂਦ ਅਤੇ ਡੀਸੀ ਸਾਕਸ਼ੀ ਮਲਿਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿੰਡ ਈਸੜੂ ਵਿੱਚ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ’ਤੇ ਰਾਜ ਪੱਧਰੀ ਸਮਾਗਮ ਮੌਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਅਤੇ ਸ਼ਹੀਦ ਈਸੜੂ ਦੀ ਯਾਦ ਵਿੱਚ ਬਣ ਕੇ ਤਿਆਰ ਹੋਈ ਲਾਇਬ੍ਰੇਰੀ ਦਾ ਉਦਘਾਟਨ ਕਰਨਗੇ। ਇਨ੍ਹਾਂ ਦੋਵਾਂ ਸਮਾਗਮਾਂ ਸਬੰਧੀ ਦਾਣਾ ਮੰਡੀ ਪਿੰਡ ਈਸੜੂ ਵਿੱਚ ਸਿਵਲ ਅਤੇ ਪੁਲੀਸ ਅਧਿਕਾਰੀਆਂ ਨਾਲ ਰਿਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ ਸੌਂਦ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਉਨ੍ਹਾਂ ਨੂੰ ਰਾਜ ਪੱਧਰੀ ਸਮਾਗਮ ਅਤੇ ਲਾਇਬਰੇਰੀ ਦੇ ਉਦਘਾਟਨ ਸਮਾਗਮ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਐੱਸਐੱਸਪੀ ਖੰਨਾ ਨੇ ਸਿਵਲ, ਪੁਲੀਸ ਤੇ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਸੁਰੱਖਿਆ, ਆਵਾਜਾਈ, ਹੈਲੀਪੈਡ, ਪਾਰਕਿੰਗ ਪ੍ਰਬੰਧਾਂ, ਫਾਇਰ ਫਾਈਟਿੰਗ ਟੀਮਾਂ ਦੀ ਤਾਇਨਾਤੀ, ਨਿਰਵਿਘਨ ਬਿਜਲੀ ਸਪਲਾਈ, ਸਫ਼ਾਈ ਵਿਵਸਥਾ, ਮੈਡੀਕਲ ਸਹੂਲਤਾਂ ਆਦਿ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਸੀਨੀਅਰ ਪੁਲੀਸ ਕਪਤਾਨ ਖੰਨਾ ਨੂੰ ਰਾਜ ਪੱਧਰੀ ਸਮਾਗਮ ਅਤੇ ਲਾਇਬ੍ਰੇਰੀ ਦੇ ਉਦਘਾਟਨ ਸਮਾਗਮ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਵੀ ਆਖਿਆ। ਇਸ ਮੌਕੇ ਏਆਈਜੀ ਬਲਵਿੰਦਰ ਸਿੰਘ ਭੀਖੀ, ਐੱਸਪੀਡੀ ਸੌਰਵ ਜਿੰਦਲ, ਡੀਐੱਸਪੀ ਹਰਜਿੰਦਰ ਸਿੰਘ ਖੰਨਾ, ਡੀਐੱਸਪੀ ਪਾਇਲ ਨਿਖਿਲ ਗਰਗ, ਡੀਐੱਸਪੀ ਸੁਖਅੰਮ੍ਰਿਤ ਸਿੰਘ ਰੰਧਾਵਾ, ਐੱਸਐੱਚਓ ਹਰਦੀਪ ਸਿੰਘ, ਐੱਸਐੱਮਓ ਅਮਨਿੰਦਰ ਭਸੀਨ ਤੇ ਹੈਲਥ ਇੰਸਪੈਕਟਰ ਡਾ. ਸ਼ਿੰਗਾਰਾ ਸਿੰਘ ਵੀ ਹਾਜ਼ਰ ਸਨ।