ਨਿੱਜੀ ਪੱਤਰ ਪ੍ਰੇਰਕ
ਮੋਗਾ, 14 ਅਗਸਤ
ਇਥੇ ਵਿਜੀਲੈਂਸ ਬਿਊਰੋ ਨੇ ਕਿਸਾਨ ਤੋਂ ਸਰਕਾਰੀ ਕੰਮ ਬਦਲੇ 15 ਹਜ਼ਾਰ ਰੁਪਏ ਦੀ ਵੱਢੀ ਮੰਗਣ ਦੇ ਦੋਸ਼ ਹੇਠ ਕਾਨੂੰਨਗੋ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਿਸਾਨ ਨੇ ਅਜੀਤਵਾਲ ਦੇ ਕਾਨੂੰਨਗੋ ਚਮਕੌਰ ਸਿੰਘ ਅਤੇ ਉਸ ਦੇ ਸਹਾਇਕ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਪਰ ਵਿਜੀਲੈਂਸ ਨੇ ਮੁਢਲੀ ਜਾਂਚ ਵਿਚ ਕਾਨੂੰਨਗੋ ਨੂੰ ਹੀ ਮੁਲਜ਼ਮ ਕਰਾਰ ਦਿੱਤਾ ਹੈ। ਸੂਬਾ ਸਰਕਾਰ ਲਈ ਮਾਲ ਵਿਭਾਗ ’ਚੋਂ ਰਿਸ਼ਵਤਖੋਰੀ ਖ਼ਤਮ ਕਰਨਾ ਵੱਡੀ ਚੁਣੌਤੀ ਬਣੀ ਹੋਈ ਹੈ। ਵਿਜੀਲੈਂਸ ਨੇ ਦੋ ਦਿਨ ਵਿਚ ਮਾਲ ਵਿਭਾਗ ਦੇ ਮੁਲਾਜ਼ਮਾਂ ਖ਼ਿਲਾਫ਼ ਦੂਜਾ ਕੇਸ ਦਰਜ ਕੀਤਾ ਹੈ। ਵਿਜੀਲੈਂਸ ਵੱਲੋਂ ਦਰਜ ਐੱਫਆਈਆਰ ਮੁਤਾਬਕ ਪਿੰਡ ਮੱਦੋਕੇ ਦੇ ਕਿਸਾਨ ਨੇ ਮੁੱਖ ਮੰਤਰੀ ਹੈਲਪਲਾਈਨ ’ਤੇ ਬੀਤੀ 5 ਜੁਲਾਈ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਨੇ ਆਪਣੀ ਜ਼ਮੀਨ ਦੀ ਅਦਾਲਤੀ ਵੰਡ ਕਰਵਾਈ ਸੀ। ਅਜੀਤਵਾਲ ਦੇ ਨਾਇਬ ਤਹਿਸੀਲਦਾਰ-ਕਮ-ਸਹਾਇਕ ਕੁਲੈਕਟਰ ਨੇ 19 ਜੂਨ ਨੂੰ ਵੰਡ ਮੁਤਾਬਕ ਦਖਲ ਪਾਉਣ ਲਈ ਹਲਕਾ ਕਾਨੂੰਨਗੋ ਨੂੰ ਹੁਕਮ ਜਾਰੀ ਕੀਤਾ ਸੀ। ਕਿਸਾਨ ਦਾ ਦੋਸ਼ ਹੈ ਕਿ ਹਲਕਾ ਕਾਨੂੰਨਗੋ ਚਮਕੌਰ ਸਿੰਘ ਅਤੇ ਉਸ ਦੇ ਸਹਾਇਕ ਨੇ ਦਖਲ ਪਾਉਣ ਲਈ 30 ਹਜ਼ਾਰ ਰੁਪਏ ਦੀ ਵੱਢੀ ਮੰਗੀ ਤਾਂ ਉਸ ਨੇ ਮੁੱਖ ਮੰਤਰੀ ਹੈਲਪਲਾਈਨ ’ਤੇ ਇਸ ਦੀ ਸ਼ਿਕਾਇਤ ਕਰ ਦਿੱਤੀ। ਵਿਜੀਲੈਂਸ ਪੜਤਾਲ ਦੌਰਾਨ ਮੁਲਜ਼ਮ ’ਤੇ 15 ਹਜ਼ਾਰ ਰੁਪਏ ਮੰਗਣ ਦਾ ਦੋਸ਼ ਸਾਬਤ ਹੋਣ ਤੋਂ ਬਾਅਦ ਕਾਨੂੰਨਗੋ ਚਮਕੌਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।