ਪੱਤਰ ਪ੍ਰੇਰਕ
ਪਟਿਆਲਾ, 14 ਅਗਸਤ
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਪੱਕੇ ਅਤੇ ਕੱਚੇ ਚੌਥਾ ਦਰਜਾ ਮੁਲਾਜ਼ਮਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਟਾਲ-ਮਟੋਲ ਵਾਲੀ ਨੀਤੀ ਅਪਣਾਉਣ ’ਤੇ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਸਮੂਹਿਕ ਭੁੱਖ ਹੜਤਾਲਾਂ ਕੀਤੀਆਂ ਅਤੇ ਝੰਡਾ ਲਹਿਰਾਉਣ ਵਾਲੀਆਂ ਥਾਵਾਂ ਤੱਕ ਰੋਸ ਮਾਰਚ ਕੀਤੇ। ਇੱਥੇ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਤੇ ਜਨਰਲ ਸਕੱਤਰ ਬਲਜਿੰਦਰ ਸਿੰਘ, ਜਗਮੋਹਨ ਨੌਲਖਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਆਪਣੇ ਪੌਣੇ ਤਿੰਨ ਸਾਲਾਂ ਦੇ ਸਮੇਂ ਦੌਰਾਨ ਚੌਥਾ ਦਰਜਾ ਮੁਲਾਜ਼ਮਾਂ ਦੀਆਂ ਮੰਗਾਂ, ਕੱਚੇ ਕਰਮੀਆਂ ਨੂੰ ਪੱਕਾ ਕਰਨ ਸਮੇਤ 2004 ਦੀ ਪੈਨਸ਼ਨ ਬਹਾਲੀ ਆਦਿ ਮੰਗਾਂ ਦਾ ਗੱਲਬਾਤ ਕਰਕੇ ਕੋਈ ਨਿਪਟਾਰਾ ਨਹੀਂ ਕੀਤਾ, ਸਕੂਲ ਸਿੱਖਿਆ ਵਿਭਾਗ ਵਿੱਚ 3000 ਰੁਪਏ ਤੇ ਸਫ਼ਾਈ ਸੇਵਕ ਤੇ ਚੌਕੀਦਾਰ ਲਈ 5000 ਰੁਪਏ ਬਹੁਤ ਘੱਟ ਹੈ ਜਿਸ ਦਾ ਕਿ ਫ਼ੁਰਮਾਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਬੇਰੁਖ਼ੀ ਦੂਰ ਕਰਨ ਲਈ ਮੁਲਾਜ਼ਮਾਂ ਨੇ ਦੇਸ਼ ਦੀ ਆਜ਼ਾਦੀ ਦਿਵਸ ਮੌਕੇ ਭੁੱਖੇ ਰਹਿ ਕੇ ਦਿਨ ਕੱਟਿਆ। ਅੱਜ ਰੋਸ ਮਾਰਚ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਲਈ ਮੰਗ ਪੱਤਰ ਦਿੱਤਾ ਗਿਆ। ਇਸ ਵੇਲੇ ਸਵਰਨ ਸਿੰਘ ਬੰਗਾ, ਰਾਮ ਲਾਲ ਰਾਮਾ, ਰਾਜੇਸ਼ ਕੁਮਾਰ ਗੋਲੂ, ਵਿਜੇ ਸੰਗਰ, ਮੰਗਤ ਕਲਿਆਣ, ਸ਼ਿਵ ਚਰਨ, ਨਾਰੰਗ ਸਿੰਘ, ਅਸ਼ੋਕ ਬਿੱਟੂ, ਲਖਵੀਰ ਲੱਕੀ, ਰਾਜਿੰਦਰ ਕੁਮਾਰ, ਵਰਿੰਦਰ ਬੈਣੀ, ਦਰਸ਼ਨ ਸਿੰਘ ਘੱਗਾ, ਕਮਲਜੀਤ ਸਿੰਘ ਚੈਨੀ, ਮੋਥ ਨਾਥ, ਇੰਦਰਪਾਲ ਵਾਲੀਆ ਤੇ ਹਰਦੀਪ ਸਿੰਘ ਆਦਿ ਮੌਜੂਦ ਸਨ।