ਪੱਤਰ ਪ੍ਰੇਰਕ
ਰਤੀਆ, 14 ਅਗਸਤ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਤੀਆ ਵਿੱਚ ‘ਹਰ ਘਰ ਤਿਰੰਗਾ ਲਹਿਰ ਤਹਿਤ’ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਐੱਸਡੀਐੱਮ ਜਗਦੀਸ਼ ਚੰਦਰ ਨੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਲਈ ਸ਼ਹੀਦ ਹੋਏ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਦਾ ਸਨਮਾਨ ਕਰਦੇ ਰਹਿਣਾ ਚਾਹੀਦਾ ਹੈ। ਇਹ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸਾਰੇ ਆਪਣੇ ਸ਼ਹੀਦ ਸੈਨਿਕਾਂ ਨੂੰ ਸਮੇਂ-ਸਮੇਂ ’ਤੇ ਯਾਦ ਕਰਨ। ਐੱਸਡੀਐੱਮ ਜਗਦੀਸ਼ ਚੰਦਰ ਨੇ ਕਿਹਾ ਕਿ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰੋ ਅਤੇ ਉਨ੍ਹਾਂ ਤੋਂ ਪ੍ਰੇਰਨਾ ਲਓ। ਇਸ ਦੌਰਾਨ ਉਨ੍ਹਾਂ ‘ਹਰ ਘਰ ਤਿਰੰਗਾ’ ਮੁੁਹਿੰਮ ਤਹਿਤ ਸਰਕਾਰੀ ਗਰਲਜ਼ ਸਕੂਲ ਤੋਂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਜਾਗਰੂਕਤਾ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਕੂਲੀ ਬੱਚਿਆਂ ਨੇ ਤਿਰੰਗਾ ਰੈਲੀ ਕਰ ਕੇ ਰਤੀਆ ਸ਼ਹਿਰ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਤਿਰੰਗਾ ਲਹਿਰਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਉਣ ਅਤੇ ਆਜ਼ਾਦੀ ਦਿਵਸ ਨੂੰ ਮਾਣ-ਸਨਮਾਨ ਨਾਲ ਮਨਾਉਣ। ਹਰ ਘਰ ਤਿਰੰਗਾ ਪ੍ਰੋਗਰਾਮ ਦਾ ਉਦੇਸ਼ ਹਰ ਕਿਸੇ ਨੂੰ ਤਿਰੰਗੇ ਦਾ ਸਤਿਕਾਰ ਕਰਨ ਲਈ ਆਪਣੇ ਘਰਾਂ ’ਤੇ ਤਿਰੰਗਾ ਲਹਿਰਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ, ਬੀਡੀਪੀਓ ਵਿਕਾਸ ਲੰਗਿਆਣ, ਬੀਈਓ ਅਨੀਤਾ ਬਾਈ, ਪੰਚਾਇਤ ਅਫ਼ਸਰ ਮਹਿੰਦਰ ਮਟਾਣਾ, ਏਬੀਪੀਓ ਰਣਧੀਰ ਸਿੰਘ, ਹੈਲਥ ਇੰਸਪੈਕਟਰ ਰਾਜੇਸ਼ ਸਿਓਕੰਦ, ਪਿੰਸੀਪਲ ਪੰਕਜ ਕੁਮਾਰ, ਅਵਨੀਸ਼ ਗਰਗ, ਕਾਨੂੰਗੋ ਪ੍ਰਿਥਵੀਰਾਜ ਆਦਿ ਹਾਜ਼ਰ ਸਨ।