ਕੁਲਦੀਪ ਸਿੰਘ
ਨਵੀਂ ਦਿੱਲੀ, 14 ਅਗਸਤ
ਪੰਜਾਬੀ ਸਾਹਿਤ ਸਭਾ ਦੀ ਸਾਹਿਤਕ ਇਕੱਤਰਤਾ ਪੰਜਾਬੀ ਭਵਨ ਵਿੱਚ ਡਾ. ਮਨਜੀਤ ਸਿੰਘ (ਸਾਬਕਾ ਮੁਖੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ) ਦੀ ਪ੍ਰਧਾਨਗੀ ਹੇਠ ਹੋਈ। ਮੰਚ ਸੰਚਾਲਕ ਤੇ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਸੱਦੇ ਗਏ ਲੇਖਕਾਂ ਨਾਲ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ‘ਓਹਲਿਆਂ ਦੇ ਆਰ-ਪਾਰ’ ਕਹਾਣੀ ਸੰਗ੍ਰਹਿ ਦੀ ਲੇਖਿਕਾ ਜਸਪਾਲ ਕੌਰ (ਅੰੰਮ੍ਰਿਤਸਰ) ਆਪਣੀ ਇਸ ਕਿਤਾਬ ਤੋਂ ਪਹਿਲਾਂ ਹੀ ਬਤੌਰ ਕਹਾਣੀਕਾਰ ਚਰਚਾ ਵਿਚ ਆ ਚੁੱਕੀ ਸੀ। ਉਸ ਦੀਆਂ ਕਹਾਣੀਆਂ ਮਨੁੱਖੀ ਰਿਸ਼ਤਿਆਂ, ਮਰਦ-ਔਰਤ ਦੇ ਜਾਇਜ਼-ਨਾਜਾਇਜ਼ ਸਬੰਧਾਂ, ਪਾਤਰਾਂ ਦੀ ਮਨੋ-ਬਿਰਤੀ ਤੇ ਮਨੋ-ਸਥਿਤੀ ਨੂੰ ਵਿਗਿਆਨਕ ਦ੍ਰਿਸ਼ਟੀ ਨਾਲ ਸਿਰਜਿਆ ਬਿਰਤਾਂਤ ਹੁੰਦਾ ਹੈ। ਜਦੋਂ ਜਸਪਾਲ ਕੌਰ ਨੂੰ ਕਹਾਣੀ ਸੁਣਾਉਣ ਲਈ ਸੱਦਾ ਦਿੱਤਾ ਗਿਆ ਤਾਂ ਉਸ ਨੇ ‘ਅੱਧ ਵਰਿਤੇ ਨਾਂ’ ਦੀ ਕਹਾਣੀ ਸੁਣਾਈ। ਗ਼ਜ਼ਲਗੋ ਜਸਵੰਤ ਸਿੰਘ ਸੇਖਵਾਂ ਨੇ ਤਿੰਨ ਗਜ਼ਲਾਂ ਸੁਣਾਈਆਂ। ਅੱਧੀ ਦਰਜਨ ਕਿਤਾਬਾਂ ਦੇ ਲੇਖਕ ਤੇ ਪੱਤਰਕਾਰ ਬਲਵਿੰਦਰ ਸਿੰਘ ਸੋਢੀ ਨੇ ‘ਅੱਜ’, ‘ਲਾਲਚ’ ਤੇ ‘ਜ਼ਿੰਦਗੀ’ ਨਾਂ ਦੀਆਂ ਕਵਿਤਾਵਾਂ ਸੁਣਾ ਕੇ ਵਾਹ-ਵਾਹ ਖੱਟੀ। ਦਿੱਲੀ ਯੂਨੀਵਰਸਿਟੀ ਦੇ ਖੋਜਾਰਥੀ ਗੁਰਸੇਵਕ ਸਿੰਘ ਨੇ ਪੰਜ ਗਜ਼ਲਾਂ ਸੁਣਾਈਆਂ ਜਿਨ੍ਹਾਂ ਵਿਚੋਂ ਉਸਦੇ ਬਤੌਰ ਚੰਗੇ ਕਵੀ ਦਾ ਭਵਿੱਖ ਸੰਭਵ ਹੁੰਦਾ ਦਿਖਾਈ ਦਿੱਤਾ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਜਸਪਾਲ ਕੌਰ ਦੀ ਕਹਾਣੀ ਪਾਤਰਾਂ ਦੇ ਅਵਚੇਤਨ ਨੂੰ ਪੇਸ਼ ਕਰਦੀ ਹੈ ਤੇ ਉਸ ਵਿਚੋਂ ਸਮਾਜ ਦਾ ਅਵਚੇਤਨ ਬੋਲਦਾ ਹੈ। ਸ਼ੋਸ਼ਣ ਦੀ ਪੇਸ਼ਕਾਰੀ ਦੀ ਬਿਰਤਾਂਤ ਜੁਗਤ ਖ਼ੂਬਸੂਰਤ ਹੈ। ਉਨ੍ਹਾਂ ਜਸਵੰਤ ਸਿੰਘ ਸੇਖਵਾਂ ਨੂੰ ਪ੍ਰੌੜ੍ਹ ਗਜ਼ਲਕਾਰ ਦੱਸਿਆ। ਬਲਵਿੰਦਰ ਸੋਢੀ ਦੀਆਂ ਕਵਿਤਾਵਾਂ ਵਿਚਲੇ ਡੂੰਘੇ ਖਿਆਲਾਂ ਦੀ ਗੱਲ ਕਰਦਿਆਂ ਗੁਰਸੇਵਕ ਸਿੰਘ ਦੀਆਂ ਗਜ਼ਲਾਂ ਨੂੰ ਸਲਾਹਿਆ।