ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਗਸਤ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇਐੱਨਯੂਐੱਸਯੂ) ਵੱਲੋਂ ਯੂਨੀਵਰਸਿਟੀ ’ਚ ਕੀਤੀ ਗਈ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ ਅਤੇ 12 ਹੋਰ ਵਿਦਿਆਰਥੀ ਭੁੱਖ ਹੜਤਾਲ ਵਿੱਚ ਹਿੱਸਾ ਲੈ ਕੇ ਅੰਦੋਲਨ ਵਿੱਚ ਸ਼ਾਮਲ ਹੋਏ। ਹੜਤਾਲ ਦੌਰਾਨ ਲੰਘੀ ਦਿਨ ਸੰਗੀਤਕ ਸ਼ਾਮ ’ਚ ਇਨਕਲਾਬੀ ਨਾਅਰੇ ਬੁਲੰਦ ਕੀਤੇ ਗਏ।
ਯੂਨੀਅਨ ਨੇ ਦਾਅਵਾ ਕੀਤਾ ਕਿ ਏਕਤਾ ਦਾ ਇਹ ਸ਼ਕਤੀਸ਼ਾਲੀ ਕਾਰਜ ਮੰਗਾਂ ਲਈ ਵੱਧ ਰਹੇ ਸਮਰਥਨ ਨੂੰ ਦਰਸਾਉਂਦਾ ਹੈ। ਯੂੁਨੀਅਨ ਦੀਆਂ ਮੰਗਾਂ ਵਿੱਚ ਮੈਰਿਟ ਦੇ ਆਧਾਰ ਉੱਤੇ ਵਜ਼ੀਫ਼ੇ ਵਧਾਉਣਾ, ਬਰਾਕ ਹੋਸਟਲ ਨੂੰ ਮੁੜ ਖੋਲ੍ਹਣਾ, ਲਿੰਗ ਭੇਦਭਾਵ ਖ਼ਿਲਾਫ਼ ਕਮੇਟੀ ਮੁੜ ਸਥਾਪਤ ਕਰਨਾ ਅਤੇ ਵਿਦਿਆਰਥੀਆਂ ਨਾਲ ਵਿਤਕਰਾ ਬੰਦ ਕਰਨਾ ਆਦਿ ਸ਼ਾਮਲ ਹਨ। ਇਸ ਭੁੱਖ ਹੜਤਾਲ ਦੌਰਾਨ ਕੁੱਝ ਵਿਦਿਆਰਥੀਆਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਵੀ ਪਈ। ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਦੌਰਾਨ 13 ਅਗਸਤ ਨੂੰ ਸੰਗੀਤਕ ਸ਼ਾਮ ਕਰਵਾਈ, ਜਿੱਥੇ ਵਿਦਿਆਰਥੀਆਂ ਨੇ ਇਨਕਲਾਬੀ ਗੀਤ ਗਾਏ। ਉਨ੍ਹਾਂ ਨੇ ਸਾਂਝੀ ਲੜਾਈ ਵਿੱਚ ਕੈਂਪਸ ਦੇ ਹਰ ਕੋਨੇ ਤੋਂ ਵਿਦਿਆਰਥੀਆਂ ਨੂੰ ਇਕੱਠਾ ਕੀਤਾ। ਜੇਐੱਨਯੂਐੱਸਯੂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਕੁਰਬਾਨੀਆਂ ਪ੍ਰਸ਼ਾਸਨ ਨੂੰ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰਨ ਅਤੇ ਵਿਦਿਆਰਥੀ ਸੰਗਠਨ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕਰਨ ਵਜੋਂ ਕੰਮ ਕਰਦੀਆਂ ਹਨ।