ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਗਸਤ
ਆਮ ਆਦਮੀ ਪਾਰਟੀ ਦੇ ਆਗੂ ਤੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਹਿਲੀ ਪੈਦਲ ਯਾਤਰਾ ਹੁਣ 16 ਅਗਸਤ ਨੂੰ ਸ਼ੁਰੂ ਕਰਨਗੇ। ਪਾਰਟੀ ਹੈੱਡਕੁਆਰਟਰ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਪੈਦਲ ਯਾਤਰਾ ਅੱਜ ਬੁੱਧਵਾਰ ਨੂੰ ਗ੍ਰੇਟਰ ਕੈਲਾਸ਼ ਵਿਧਾਨ ਸਭਾ ਹਲਕੇ ਤੋਂ ਸ਼ੁਰੂ ਹੋਣੀ ਸੀ ਪਰ ਕੁਝ ਕਾਰਨਾਂ ਕਰਕੇ ਇਹ ਪੈਦਲ ਯਾਤਰਾ ਟਾਲ ਦਿੱਤੀ ਗਈ ਹੈ। ਪੈਦਲ ਯਾਤਰਾ ਰੱਦ ਕਰਨ ਦੇ ਕਾਰਨਾਂ ਬਾਰੇ ਸੌਰਭ ਭਾਰਦਵਾਜ ਨੇ ਦੱਸਿਆ ਕਿ ਇਹ ਯਾਤਰਾ ਮੁਲਤਵੀ ਕਰਨ ਦਾ ਇਹ ਸੁਝਾਅ ਪੁਲੀਸ ਵਿਭਾਗ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਮੁਤਾਬਕ ਜਦੋਂ ਪੈਦਲ ਯਾਤਰਾ ਲਈ ਪੁਲੀਸ ਵਿਭਾਗ ਤੋਂ ਇਜਾਜ਼ਤ ਮੰਗੀ ਗਈ ਤਾਂ ਪੁਲੀਸ ਨੇ ਸੁਝਾਅ ਦਿੱਤਾ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਜ਼ਸਨਾਂ ਕਾਰਨ ਸੁਰੱਖਿਆ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਜੇਕਰ ਇਸ ਮਾਰਚ ਨੂੰ ਕੁਝ ਦਿਨ ਬਾਅਦ ਸ਼ੁਰੂ ਕਰ ਲਿਆ ਜਾਵੇ ਤਾਂ ਇਹ ਸੁਰੱਖਿਆ ਲਿਹਾਜ਼ ਤੋਂ ਬਿਹਤਰ ਹੋਵੇਗਾ।
ਮੰਤਰੀ ਨੇ ਆਖਿਆ, ‘‘ਪੁਲੀਸ ਵੱਲੋਂ ਦਿੱਤੀ ਗਈ ਸਲਾਹ ਤਰਕਸੰਗਤ ਹੈ। ਇਸ ਕਰਕੇ ਮਨੀਸ਼ ਸਿਸੋਦੀਆ 16 ਅਗਸਤ ਨੂੰ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਪੈਦਲ ਯਾਤਰਾ ਕਰਨਗੇ ਅਤੇ ਦਿੱਲੀ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ।’’ ਭਾਰਦਵਾਜ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ ਕਾਰਨ ਸਿਸੋਦੀਆ 17 ਮਹੀਨੇ ਜੇਲ੍ਹ ਵਿੱਚ ਰਹੇ। ਉਨ੍ਹਾਂ ਕਿਹਾ, ‘‘ਪੁਲੀਸ ਵੱਲੋਂ ਦਿੱਤੇ ਗਏ ਸੁਝਾਅ ਨੂੰ ਧਿਆਨ ’ਚ ਰੱਖਦਿਆਂ ਮਨੀਸ਼ ਸਿਸੋਦੀਆ ਨੇ ਹੁਣ ਫ਼ੈਸਲਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਪੂਰੀ ਦਿੱਲੀ ’ਚ ਕੀਤੀ ਜਾਣ ਵਾਲੀ ਪੈਦਲ ਯਾਤਰਾ ਹੁਣ 16 ਅਗਸਤ ਨੂੰ ਸ਼ਾਮ 5 ਵਜੇ ਡੀਡੀਏ ਫਲੈਟ ਕਾਲਕਾਜੀ ਤੋਂ ਸ਼ੁਰੂ ਕੀਤੀ ਜਾਵੇਗੀ।