ਪੱਤਰ ਪ੍ਰੇਰਕ
ਫਿਲੌਰ, 14 ਅਗਸਤ
ਬਲੱਡ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨਾਲ ਜੂਝ ਰਹੇ ਪਿੰਡ ਬਕਾਪੁਰ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਤਾਨਿਸ਼ ਦੀ ਸ੍ਰੀ ਦਸਮੇਸ਼ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਅੱਟੀ ਅਤੇ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਵੱਲੋਂ ਆਰਥਿਕ ਮਦਦ ਕੀਤੀ ਗਈ। ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਵਿਦਿਆਰਥੀਆਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਇੱਕ ਲੱਖ ਦਸ ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ ਗਈ| ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਪਹਿਲਾਂ ਵੀ ਇਸ ਬੱਚੇ ਦੀ ਆਰਥਿਕ ਮਦਦ ਕਰ ਚੁੱਕਾ ਹੈ| ਤਨਿਸ਼ ਦੇ ਜਮਾਤੀਆਂ ਨੇ ਕੁਝ ਦਿਨ ਪਹਿਲਾਂ ਉਸ ਦੀ ਮੱਦਦ ਲਈ ਮੁਹਿੰਮ ਸ਼ੁਰੂ ਕੀਤੀ ਸੀ| ਬੱਚਿਆਂ ਨੇ ਇਕੱਤਰ ਕੀਤੀ ਰਾਸ਼ੀ ਸਕੂਲ ਮੁੱਖੀ ਨੂੰ ਦਿੱਤੀ ਜਿਸ ਉਪਰੰਤ ਉਨ੍ਹਾਂ ਬਾਕੀ ਮਾਪਿਆਂ ਨੂੰ ਅਪੀਲ ਕੀਤੀ, ਜਿਸ ਦੇ ਸਿੱਟੇ ਵਜੋਂ 110000 ਰੁਪਏ ਦਾ ਚੈੱਕ ਤਨਿਸ਼ ਦੇ ਇਲਾਜ ਲਈ ਉਸ ਦੀ ਮਾਤਾ ਸਰਬਜੀਤ ਕੌਰ ਨੂੰ ਦਿੱਤਾ ਗਿਆ| ਉਨ੍ਹਾਂ ਅੱਗੇ ਦੱਸਿਆ ਕਿ ਮਾਪਿਆਂ ਵਲੋਂ ਹੋਰ ਮਦਦ ਵੀ ਆ ਰਹੀ ਹੈ, ਜਿਸ ਨੂੰ ਉਹ ਤਨਿਸ਼ ਦੇ ਮਾਪਿਆਂ ਤੱਕ ਪਹੁੰਚਾਉਣਗੇ|