ਪੱਤਰ ਪ੍ਰੇਰਕ
ਮੋਗਾ, 16 ਅਗਸਤ
ਇੱਥੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਕਸਬਾ ਨੁਮਾ ਪਿੰਡ ਰੌਂਤਾ ਵਿੱਚ ਲੋਕਾਂ ਨੇ ਨਕਾਬਪੋਸ਼ ਲੁਟੇਰਿਆਂ ਵੱਲੋਂ ਪੰਜਾਬ ਗ੍ਰਾਮੀਣ ਬੈਂਕ ਸ਼ਾਖਾ ਨੂੰ ਲੁੱਟਣ ਦੀ ਯੋਜਨਾ ਅਸਫ਼ਲ ਕਰ ਦਿੱਤੀ। ਲੁਟੇਰੇ ਹਥਿਆਰ ਸਣੇ ਬੈਂਕ ਅੰਦਰ ਦਾਖ਼ਲ ਹੋ ਗਏ ਸਨ ਪਰ ਰੌਲਾ ਪੈਣ ਮਗਰੋਂ ਉਹ ਹਥਿਆਰ ਸਣੇ ਫ਼ਰਾਰ ਹੋ ਗਏ। ਪੁਲੀਸ ਟੀਮਾਂ ਲੁਟੇਰਿਆਂ ਤੱਕ ਪੁੱਜਣ ਲਈ ਸੀਸੀਟੀਵੀ ਫੁਟੇਜ ਦੇਖ ਰਹੀਆਂ ਹਨ।
ਜਾਣਕਾਰੀ ਮੁਤਾਬਕ ਅੱਜ ਦੁਪਹਿਰ ਕਰੀਬ 1 ਵਜੇ ਮੋਟਰਸਾਈਕਲ ਉੱਤੇ ਆਏ ਦੋ ਨਕਾਬਪੋਸ਼ ਲੁਟੇਰੇ ਪਿੰਡ ਰੌਂਤਾ ਵਿੱਚ ਪੰਜਾਬ ਗ੍ਰਾਮੀਣ ਬੈਂਕ ਸ਼ਾਖਾ ਅੰਦਰ ਦਾਖ਼ਲ ਹੋ ਗਏ। ਇੱਕ ਕੋਲ ਪਿਸਤੌਲ ਸੀ ਤੇ ਦੂਜੇ ਕੋਲ ਤੇਜ਼ਧਾਰ ਹਥਿਆਰ ਦੱਸਿਆ ਜਾ ਰਿਹਾ ਹੈ। ਲੁਟੇਰਿਆਂ ਨੇ ਜਦੋਂ ਕੈਸ਼ੀਅਰ ਨੂੰ ਪਿਸਤੌਲ ਦਿਖਾ ਕੇ ਕੈਸ਼ ਹਵਾਲੇ ਕਰਨ ਲਈ ਆਖਿਆ ਤਾਂ ਬੈਂਕ ਅੰਦਰ ਬੈਠੀ ਇੱਕ ਔਰਤ ਤੇ ਇੱਕ ਹੋਰ ਵਿਅਕਤੀ ਨੇ ਬੈਂਕ ਤੋਂ ਬਾਹਰ ਆ ਕੇ ਰੌਲਾ ਪਾ ਦਿੱਤਾ। ਇਸ ਦੌਰਾਨ ਨੇੜੇ ਹੀ ਇੱਕ ਹੋਰ ਬੈਂਕ ਦੇ ਸੁਰੱਖਿਆ ਗਾਰਡ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ ਤੇ ਲੁਟੇਰੇ ਬੈਂਕ ਵਿੱਚੋਂ ਨਿਕਲ ਕੇ ਫ਼ਰਾਰ ਹੋ ਗਏ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੁਟੇਰਿਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਆਈਆਂ ਹਨ।
ਉਨ੍ਹਾਂ ਦੱਸਿਆ ਕਿ ਬੈਂਕ ਦੇ ਸ਼ਾਖਾ ਮੈਨੇਜਰ ਰੋਹਿਤ ਗਰਗ ਦੇ ਬਿਆਨ ਉੱਤੇ ਪੁਲੀਸ ਵੱਲੋਂ ਕੇਸ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦੀ ਭਾਲ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ।