ਪਰਮਜੀਤ ਸਿੰਘ ਨਿੱਕੇ ਘੁੰਮਣ
‘ਦਿਲ ਚੀਜ਼ ਕਿਆ ਹੈ ਆਪ ਮੇਰੀ ਜਾਨ ਲੀਜੀਏ’, ‘ਐ ਦਿਲੇ ਨਾਦਾਂ ਆਰਜ਼ੂ ਕਿਆ ਹੈ’, ‘ਕਭੀ ਕਭੀ ਮੇਰੇ ਦਿਲ ਮੇਂ ਖ਼ਿਆਲ ਆਤਾ ਹੈ’, ‘ਮੈਂ ਪਲ ਦੋ ਪਲ ਕਾ ਸ਼ਾਇਰ ਹੂੰ’, ‘ਤੇਰੇ ਚਿਹਰੇ ਸੇ ਨਜ਼ਰ ਨਹੀਂ ਹਟਤੀ’, ‘ਬਹਾਰੋ ਮੇਰਾ ਜੀਵਨ ਸੰਵਾਰੋ’, ‘ਫਿਰ ਛਿੜੀ ਰਾਤ ਬਾਤ ਫੂਲੋਂ ਕੀ’ ਅਤੇ ‘ਆਜਾ ਰੇ ਓ ਮੇਰੇ ਦਿਲਬਰ ਆ ਜਾ’ ਜਿਹੇ ਯਾਦਗਾਰੀ ਨਗ਼ਮਿਆਂ ਲਈ ਸੰਜੀਦਾ ਤੇ ਸੁਰੀਲਾ ਸੰਗੀਤ ਸਿਰਜਣ ਵਾਲੇ ਮਹਾਨ ਸੰਗੀਤ ਨਿਰਦੇਸ਼ਕ ਦਾ ਨਾਂ ਹੈ ਖ਼ੱਯਾਮ। ਖ਼ੱਯਾਮ ਦਾ ਪੂਰਾ ਨਾਂ ਮੁਹੰਮਦ ਜ਼ਹੂਰ ਖ਼ੱਯਾਮ ਹਾਸ਼ਮੀ ਸੀ ਤੇ ਉਹ ਪੰਜਾਬ ਦੇ ਸ਼ਹਿਰ ਰਾਹੋਂ ਵਿਖੇ 18 ਫਰਵਰੀ, 1927 ਨੂੰ ਪੈਦਾ ਹੋਇਆ ਸੀ। ਬਾਅਦ ਵਿੱਚ ਉਹ ਭਾਰਤੀ ਸੰਗੀਤ ਜਗਤ ਦੀ ਸ਼ਾਨ ਬਣ ਕੇ ਪੰਜਾਬ ਦਾ ਮਾਣ ਬਣ ਗਿਆ।
ਬਚਪਨ ਤੋਂ ਹੀ ਖ਼ੱਯਾਮ ਨੂੰ ਅਦਾਕਾਰੀ ਅਤੇ ਸੰਗੀਤ ਪ੍ਰਤੀ ਖਿੱਚ ਮਹਿਸੂਸ ਹੁੰਦੀ ਸੀ, ਪਰ ਪਰਿਵਾਰ ਵੱਲੋਂ ਉਸ ਨੂੰ ਕਿਸੇ ਤਰ੍ਹਾਂ ਦਾ ਵੀ ਸਮਰਥਨ ਹਾਸਲ ਨਹੀਂ ਸੀ। ਇਸ ਕਰਕੇ ਇੱਕ ਦਿਨ ਉਸ ਨੇ ਘਰੋਂ ਭੱਜਣ ਦਾ ਫ਼ੈਸਲਾ ਲੈ ਲਿਆ ਤੇ ਕੇਵਲ ਚੌਦਾਂ ਸਾਲ ਦੀ ਉਮਰ ਵਿੱਚ ਉਹ ਪਰਿਵਾਰ ਵਾਲਿਆਂ ਨੂੰ ਬਿਨਾਂ ਦੱਸੇ ਦਿੱਲੀ ਵਿਖੇ ਰਹਿੰਦੇ ਇੱਕ ਰਿਸ਼ਤੇਦਾਰ ਕੋਲ ਜਾ ਪੁੱਜਿਆ। ਇਸ ਤਰ੍ਹਾਂ ਘਰੋਂ ਭੱਜਣਾ ਖ਼ੱਯਾਮ ਨੂੰ ਰਾਸ ਆ ਗਿਆ ਕਿਉਂਕਿ ਉਸ ਦੀ ਦਿਲਚਸਪੀ ਅਦਾਕਾਰੀ ਅਤੇ ਸੰਗੀਤ ਵਿੱਚ ਵੇਖਦਿਆਂ ਉਸ ਦੇ ਰਿਸ਼ਤੇਦਾਰ ਨੇ ਉਸ ਨੂੰ ਸੰਗੀਤ ਉਸਤਾਦ ਪੰਡਿਤ ਅਮਰਨਾਥ ਕੋਲ ਸੰਗੀਤ ਸਿੱਖਣ ਭੇਜ ਦਿੱਤਾ ਜਿੱਥੇ ਉਸ ਨੇ ਸ਼ਾਸਤਰੀ ਸੰਗੀਤ ਵਿੱਚ ਗਾਇਨ ਅਤੇ ਵਾਦਨ ਦੀਆਂ ਬਾਰੀਕੀਆਂ ਬੜੀ ਹੀ ਸ਼ਿੱਦਤ ਨਾਲ ਸਿੱਖੀਆਂ। ਉੱਥੋਂ ਉਹ ਫਿਲਮਾਂ ਦੇ ਕੇਂਦਰ ਲਾਹੌਰ ਜਾ ਪੁੱਜਿਆ।
ਕੇਵਲ ਸੋਲ੍ਹਾਂ ਵਰ੍ਹਿਆਂ ਦੇ ਖ਼ੱਯਾਮ ਦੀ ਕਿਸਮਤ ਚੰਗੀ ਸੀ ਕਿ ਲਾਹੌਰ ਵਿੱਚ ਉਸ ਦਾ ਮੇਲ ਉੱਘੇ ਸੰਗੀਤਕਾਰ ਬਾਬਾ ਚਿਸ਼ਤੀ ਨਾਲ ਹੋ ਗਿਆ ਜੋ ਖ਼ੱਯਾਮ ਦੀ ਸੁਰੀਲੀ ਆਵਾਜ਼ ਅਤੇ ਸੰਗੀਤਕ ਸੂਝ ਦਾ ਕਾਇਲ ਹੋ ਗਿਆ। ਉਸ ਨੇ ਖ਼ੱਯਾਮ ਨੂੰ ਆਪਣਾ ਸਹਾਇਕ ਨਿਯੁਕਤ ਕਰ ਲਿਆ। ਬਾਬਾ ਚਿਸ਼ਤੀ ਦੀ ਛਤਰ-ਛਾਇਆ ਵਿੱਚ ਕੁਝ ਸਮਾਂ ਕੰਮ ਕਰਨ ਪਿੱਛੋਂ ਸਤਾਰਾਂ ਵਰ੍ਹਿਆਂ ਦਾ ਖ਼ੱਯਾਮ ਵਾਪਸ ਆਪਣੇ ਪਰਿਵਾਰ ਕੋਲ ਪੰਜਾਬ ਪਰਤ ਆਇਆ। ਇੱਥੇ ਉਸ ਦੀ ਜ਼ਿੰਦਗੀ ’ਚ ਇੱਕ ਬੜਾ ਹੀ ਅਹਿਮ ਮੋੜ ਆਇਆ ਤੇ ਉਸ ਨੂੰ ਗੀਤ-ਸੰਗੀਤ ਛੱਡ ਕੇ ਬੰਦੂਕ ਚੁੱਕਣੀ ਪੈ ਗਈ। ਦੂਜੇ ਵਿਸ਼ਵ ਯੁੱਧ ਵਿੱਚ ਉਸ ਨੇ ਬਤੌਰ ਸੈਨਿਕ ਭਾਗ ਲਿਆ ਤੇ ਫਿਰ ਜੰਗ ਮੁੱਕਣ ਉਪਰੰਤ ਫ਼ੌਜ ਦੀ ਨੌਕਰੀ ਛੱਡ ਕੇ ਉਹ 1946 ਵਿੱਚ ਫਿਲਮ ਨਗਰੀ ਮੁੰਬਈ ਜਾ ਪੁੱਜਿਆ। ਇੱਥੇ ਉਸ ਨੇ ਆਪਣੇ ਕਰੀਅਰ ਦਾ ਪਹਿਲਾ ਗੀਤ ਗਾਇਕਾ ਜ਼ੋਹਰਾਬਾਈ ਅੰਬਾਲੇਵਾਲੀ ਨਾਲ ਫਿਲਮ ‘ਰੋਮੀਓ ਐਂਡ ਜੂਲੀਅਟ’ ਲਈ ਬਤੌਰ ਗਾਇਕ ਗਾਇਆ ਸੀ।
ਇੱਥੇ ਵੀ ਉਸ ਦੇ ਜੀਵਨ ਦੀ ਇੱਕ ਦਿਲਚਸਪ ਘਟਨਾ ਵਾਪਰੀ ਤੇ ਬਤੌਰ ਸੰਗੀਤ ਨਿਰਦੇਸ਼ਕ ਆਪਣੇ ਕਰੀਅਰ ਦੀ ਸ਼ੁਰੂਆਤ ਉਸ ਨੂੰ ‘ਸ਼ਰਮਾ ਜੀ’ ਨਾਮ ਨਾਲ ਕਰਨੀ ਪਈ ਸੀ। ਦਰਅਸਲ, ਸੰਗੀਤ ਨਿਰਦੇਸ਼ਕ ਰਹਿਮਾਨ ਵਰਮਾ ਨਾਲ ਉਸ ਨੇ ਬਤੌਰ ਸੰਗੀਤ ਨਿਰਦੇਸ਼ਕ ਜੋੜੀ ਬਣਾਈ ਤੇ ਜੋੜੀ ਦਾ ਨਾਂ ਰੱਖਿਆ ਸੀ- ਸ਼ਰਮਾ ਜੀ-ਵਰਮਾ ਜੀ। ਇਸ ਨਾਮ ਹੇਠ ਉਸ ਨੇ 1948 ਵਿੱਚ ਜਿਸ ਫਿਲਮ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਉਹ ਸੀ ‘ਹੀਰ ਰਾਂਝਾ’। ਇੱਥੇ ਵੀ ਉਸ ਦੀ ਕਿਸਮਤ ਨੇ ਪਲਟੀ ਖਾਧੀ ਤੇ ਉਸ ਦਾ ਜੋੜੀਦਾਰ ਰਹਿਮਾਨ ਵਰਮਾ ਪਾਕਿਸਤਾਨ ਜਾ ਵੱਸਿਆ ਜਿਸ ਕਰਕੇ ਖ਼ੱਯਾਮ ਇਕੱਲਾ ਰਹਿ ਗਿਆ, ਪਰ ਉਸ ਨੇ ਹਿੰਮਤ ਨਾ ਹਾਰੀ ਤੇ ਸੰਗੀਤ ਨਿਰਦੇਸ਼ਨ ਦਾ ਕਾਰਜ ਜਾਰੀ ਰੱਖਿਆ। 1950 ਵਿੱਚ ਉਸ ਦੇ ਸੰਗੀਤਬੱਧ ਕੀਤੇ ਗੀਤਾਂ ਨਾਲ ਸਜੀ ਫਿਲਮ ‘ਬੀਵੀ’ ਸੁਪਰਹਿੱਟ ਰਹੀ ਤੇ ਫਿਰ ਆਈ ਅਗਲੀ ਫਿਲਮ ‘ਫੁੱਟਪਾਥ’ ਦੇ ਗੀਤ ਵੀ ਸੁਪਰਹਿੱਟ ਰਹੇ। ਰਾਜ ਕਪੂਰ ਅਤੇ ਮਾਲਾ ਸਿਨਹਾ ਅਭਿਨੀਤ ਅਤੇ ਸਾਹਿਰ ਲੁਧਿਆਣਵੀ ਦੇ ਲਿਖੇ ਗੀਤਾਂ ਨੂੰ ਮੁਕੇਸ਼ ਅਤੇ ਆਸ਼ਾ ਭੌਸਲੇ ਦੀਆਂ ਦਿਲਕਸ਼ ਆਵਾਜ਼ਾਂ ਵਿੱਚ ਖ਼ੱਯਾਮ ਵੱਲੋਂ ਸੰਗੀਤਬੱਧ ਕੀਤੀ ਫਿਲਮ ‘ਫਿਰ ਸੁਬਹਾ ਹੋਗੀ’ ਤਾਂ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਗਈ ਸੀ।
ਸੰਗੀਤਕਾਰ ਖ਼ੱਯਾਮ ਦੇ ਸੁਰੀਲੇ ਸੰਗੀਤ ਨਾਲ ਸਜੀਆਂ ਸੱਤਰ ਤੋਂ ਵੱਧ ਫਿਲਮਾਂ ਵਿੱਚ ‘ਪਿਆਰ ਕੀ ਬਾਤੇਂ’, ‘ਗੁਲ ਸਨੋਬਰ’, ‘ਗੁਲ ਬਹਾਰ’, ‘ਲਾਲਾਰੁਖ਼’, ‘ਬਾਰੂਦ’, ‘ਸ਼ੋਲਾ ਔਰ ਸ਼ਬਨਮ’, ‘ਆਖ਼ਰੀ ਖ਼ਤ’, ‘ਸ਼ਗੁਨ’, ‘ਮੁਹੱਬਤ ਇਸੀ ਕੋ ਕਹਿਤੇ ਹੈਂ’, ‘ਪਿਆਸੇ ਦਿਲ’, ‘ਸੰਧਿਆ’, ‘ਸੰਕਲਪ’, ‘ਕਭੀ ਕਭੀ’, ‘ਤ੍ਰਿਸ਼ੂਲ’, ‘ਸ਼ੰਕਰ ਹੁਸੈਨ’, ‘ਖ਼ਾਨਦਾਨ’, ‘ਨੂਰੀ’, ‘ਉਮਰਾਓ ਜਾਨ’, ‘ਬਾਜ਼ਾਰ’ ਆਦਿ ਦੇ ਨਾਂ ਪ੍ਰਮੁੱਖ ਸਨ। ਸ਼ਾਸਤਰੀ ਸੰਗੀਤ ਅਤੇ ਲੋਕ ਸੰਗੀਤ ਨੂੰ ਆਪਣੀਆਂ ਗ਼ਜ਼ਲਾਂ ਵਿੱਚ ਬਿਹਤਰੀਨ ਢੰਗ ਨਾਲ ਵਰਤਣ ਵਿੱਚ ਖ਼ੱਯਾਮ ਨੂੰ ਖ਼ਾਸੀ ਮੁਹਾਰਤ ਹਾਸਲ ਸੀ। ਉਸ ਨੇ ‘ਪਾਉਂ ਪੜੂੰ ਤੋਰੇ ਸ਼ਾਮ’, ‘ਬਰਿੱਜ ਮੇਂ ਲੌਟ ਚਲੇਂ’ ਅਤੇ ‘ਗ਼ਜ਼ਬ ਕੀਆ ਤੇਰੇ ਵਾਅਦੇ ਪੇ ਏਤਬਾਰ’ ਜਿਹੀਆਂ ਬੇਹੱਦ ਮਕਬੂਲ ਹੋਈਆਂ ਗ਼ੈਰ-ਫਿਲਮੀ ਰਚਨਾਵਾਂ ਦੇ ਮਨਮੋਹਕ ਸੰਗੀਤ ਦੀ ਰਚਨਾ ਕਰਕੇ ਲੱਖਾਂ ਸੰਗੀਤ ਪ੍ਰੇਮੀਆਂ ਦੇ ਮਨ ਮੋਹ ਲਏ ਸਨ। ਉਸ ਨੇ ਆਪਣੀ ਪਤਨੀ ਜਗਜੀਤ ਕੌਰ ਦੀ ਆਵਾਜ਼ ਵਿੱਚ ਵਹੀਦਾ ਰਹਿਮਾਨ ਅਭਿਨੀਤ ਫਿਲਮ ‘ਸ਼ਗੁਨ’ ਲਈ ਗੀਤ ਵੀ ਰਿਕਾਰਡ ਕੀਤੇ ਸਨ ਤੇ ਮਸ਼ਹੂਰ ਅਦਾਕਾਰਾ ਮੀਨਾ ਕੁਮਾਰੀ ਨੇ ਜਦੋਂ ਆਪਣੀਆਂ ਕਾਵਿ-ਰਚਨਾਵਾਂ ਆਪਣੀ ਆਵਾਜ਼ ਵਿੱਚ ਉਚਾਰ ਕੇ ਰਿਕਾਰਡ ਕਰਵਾਈਆਂ ਸਨ ਤਾਂ ਉਸ ਨੇ ਵੀ ਇਸ ਐਲਬਮ ਲਈ ਸੰਗੀਤ ਸਿਰਜਣ ਦਾ ਕਾਰਜ ਖ਼ੱਯਾਮ ਦੇ ਜ਼ਿੰਮੇ ਹੀ ਲਾਇਆ ਸੀ। 1971 ਵਿੱਚ ਰਿਲੀਜ਼ ਹੋਈ ਇਸ ਐਲਬਮ ਦਾ ਨਾਂ ਸੀ- ‘ਆਈ ਰਾਈਟ-ਆਈ ਰਿਸਾਈਟ’ ਭਾਵ ‘ਮੇਰੀਆਂ ਰਚਨਾਵਾਂ ਮੇਰੀ ਹੀ ਆਵਾਜ਼ ਵਿੱਚ।’ ਖ਼ੱਯਾਮ ਦੀ ਵੱਡੀ ਖ਼ਾਸੀਅਤ ਇਹ ਵੀ ਰਹੀ ਸੀ ਕਿ ਉਸ ਨੇ ਸਾਹਿਰ ਲੁਧਿਆਣਵੀ, ਮਜ਼ਰੂਹ ਸੁਲਤਾਲਪੁਰੀ, ਨਕਸ਼ ਲਾਇਲਪੁਰੀ ਅਤੇ ਨਿਦਾ ਫ਼ਾਜ਼ਲੀ ਜਿਹੇ ਸੁਲਝੇ ਹੋਏ ਗੀਤਕਾਰਾਂ ਦੇ ਨਾਲ ਨਾਲ ਉਰਦੂ ਸ਼ਾਇਰੀ ਦੇ ਮਾਰੂਫ਼ ਸ਼ਾਇਰਾਂ ਮਿਰਜ਼ਾ ਗ਼ਾਲਿਬ, ਦਾਗ਼, ਅਲੀ ਸਰਦਾਰ ਜਾਫ਼ਰੀ ਅਤੇ ਜਾਨ ਨਿਸਾਰ ਅਖ਼ਤਰ ਦੀਆਂ ਰਚਨਾਵਾਂ ਨੂੰ ਵੀ ਸੰਗੀਤਬੱਧ ਕਰਕੇ ਫਿਲਮੀ ਪਰਦੇ ਰਾਹੀਂ ਸੰਗੀਤ ਪ੍ਰੇਮੀਆਂ ਤੱਕ ਪਹੁੰਚਾਇਆ ਸੀ।
ਉਂਜ ਦਾਂ ਸੰਗੀਤ ਪ੍ਰੇਮੀਆਂ ਵੱਲੋਂ ਮਿਲੇ ਭਰਪੂਰ ਪਿਆਰ ਨੂੰ ਹੀ ਖ਼ੱਯਾਮ ਆਪਣਾ ਸਭ ਤੋਂ ਵੱਡਾ ਸਨਮਾਨ ਮੰਨਦਾ ਸੀ, ਪਰ ਇਸ ਦੇ ਨਾਲ ਹੀ ਉਸ ਨੂੰ 1977 ਵਿੱਚ ਫਿਲਮ ‘ਕਭੀ ਕਭੀ’ ਲਈ ਅਤੇ 1982 ਵਿੱਚ ਫਿਲਮ ‘ਉਮਰਾਓ ਜਾਨ’ ਦਾ ਸ਼ਾਨਦਾਰ ਸੰਗੀਤ ਤਿਆਰ ਕਰਨ ਲਈ ਫਿਲਮਫੇਅਰ ਸਰਬੋਤਮ ਸੰਗੀਤ ਨਿਰਦੇਸ਼ਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਉਪਰੰਤ ਉਸ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ, ਨੌਸ਼ਾਦ ਸੰਗੀਤ ਸਨਮਾਨ ਪੁਰਸਕਾਰ, ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ, ਮਿਰਚੀ ਲਾਈਫਟਾਈਮ ਅਚੀਵਮੈਂਟ ਐਵਾਰਡ ਸਣੇ ਕਈ ਵੱਕਾਰੀ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਸੀ। ਭਾਰਤ ਸਰਕਾਰ ਨੇ ਉਸ ਦੀ ਅਦਭੁੱਤ ਸੰਗੀਤ ਕਲਾ ਦਾ ਸਨਮਾਨ ਕਰਦਿਆਂ 2011 ਵਿੱਚ ਉਸ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕਰਕੇ ਬੌਲੀਵੁੱਡ ਸੰਗੀਤ ਜਗਤ ਦਾ ਮਾਣ ਵਧਾਇਆ ਸੀ।
ਇੱਕ ਉੱਤਮ ਸੰਗੀਤਕਾਰ ਹੋਣ ਦੇ ਨਾਲ ਨਾਲ ਖ਼ੱਯਾਮ ਇੱਕ ਦਿਲਦਾਰ ਇਨਸਾਨ ਵੀ ਸੀ। ‘ਪੁਲਵਾਮਾ ਹਮਲੇ’ ਵਿੱਚ ਭਾਰਤੀ ਸੈਨਿਕਾਂ ਦੇ ਸ਼ਹੀਦ ਹੋਣ ਤੋਂ ਬਾਅਦ ਉਸ ਨੇ ਆਪਣਾ ਜਨਮ ਦਿਨ ਮਨਾਉਣਾ ਛੱਡ ਦਿੱਤਾ ਸੀ ਤੇ ਪੰਜ ਲੱਖ ਰੁਪਏ ਸ਼ਹੀਦ ਪਰਿਵਾਰਾਂ ਲਈ ਦਿੱਤੇ ਸਨ। ਉਸ ਦਾ ਇਕਲੌਤਾ ਪੁੱਤਰ ਪਰਦੀਪ ਦਿਲ ਦਾ ਦੌਰਾ ਪੈਣ ਕਰਕੇ 2012 ਵਿੱਚ ਇਸ ਜਹਾਨ ਤੋਂ ਤੁਰ ਗਿਆ ਸੀ। ਉਸ ਦੀ ਮੌਤ ਉਪਰੰਤ ਖ਼ੱਯਾਮ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਜਿਸਦੀ ਕੀਮਤ ਦੋ ਕਰੋੜ ਰੁਪਏ ਦੇ ਕਰੀਬ ਬਣਦੀ ਸੀ, ਇਕ ਟਰੱਸਟ ਦੇ ਨਾਂ ਦਾਨ ਕਰ ਦਿੱਤੀ ਸੀ। ਅਖੀਰ 19 ਅਗਸਤ, 2019 ਨੂੰ ਭਾਰਤੀ ਫਿਲਮ ਜਗਤ ਦਾ ਇਹ ਮਹਾਨ ਸਿਤਾਰਾ ਸਦਾ ਲਈ ਰੁਖ਼ਸਤ ਹੋ ਗਿਆ ਸੀ। ਉਸ ਦੇ ਸੰਗੀਤਬੱਧ ਕੀਤੇ ਸੁਰੀਲੇ ਤੇ ਸੰਜੀਦਾ ਗੀਤ ਫ਼ਿਜ਼ਾਵਾਂ ਵਿੱਚ ਹਮੇਸ਼ਾ ਗੂੰਜਦੇ ਰਹਿਣਗੇ।
ਸੰਪਰਕ: 97816-46008