ਚੰਡੀਗੜ੍ਹ: ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਅਥਾਰਟੀ ਚੰਡੀਗੜ੍ਹ ਦੇ ਦਫ਼ਤਰ ਨੇ ਨਵੀਂ ਸੀਰੀਜ਼ ‘ਸੀਐਚ01-ਸੀਯੂ’ ਤੇ ਪਿਛਲੀ ਸੀਰੀਜ਼ ਦੇ ਬਾਕੀ ਬਚੇ ਫੈਂਸੀ ਤੇ ਮਨਪਸੰਦ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ 21 ਮਾਰਚ ਤੋਂ 1 ਅਪਰੈਲ ਤੱਕ ਕੀਤੀ ਸੀ। ਉਸ ਸਮੇਂ ਲੋਕ ਸਭਾ ਚੋਣਾਂ ਲਈ ਲੱਗੇ ਚੋਣ ਜ਼ਾਬਤੇ ਕਾਰਨ ਨਿਲਾਮੀ ਦੌਰਾਨ ਵੇਚੇ ਗਏ ਰਜਿਸਟ੍ਰੇਸ਼ਨ ਨੰਬਰਾਂ ਦੀ ਅਲਾਟਮੈਂਟ ਨਹੀਂ ਸੀ ਹੋ ਸਕੀ। ਈ-ਨਿਲਾਮੀ ਦੀਆਂ ਸ਼ਰਤਾਂ ਅਨੁਸਾਰ ਨਿਲਾਮੀ ਦੌਰਾਨ ਖ਼ਰੀਦੇ ਗਏ ਨੰਬਰਾਂ ਦੀ ਬਕਾਇਆ ਰਕਮ ਜਮ੍ਹਾਂ ਕਰਵਾਉਣ ਲਈ ਸਮਾਂ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਨਿਰਧਾਰਤ ਰਕਮ ’ਤੇ ਜੁਰਮਾਨਾ ਵਸੂਲਿਆ ਜਾਂਦਾ ਹੈ। ਪ੍ਰਸ਼ਾਸਨ ਨੇ ਈ-ਨਿਲਾਮੀ ਦੇ ਸਾਰੇ ਸਫਲ ਬੋਲੀਕਾਰਾਂ ਨੂੰ ਜੁਰਮਾਨੇ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਹੈ। ਆਰਐਲਏ ਨੇ ਦੱਸਿਆ ਕਿ ਜਿਨ੍ਹਾਂ ਬਿਨੈਕਾਰਾਂ ਨੇ ਇਸ ਲੜੀ ਵਿੱਚ ਚੋਣਵੇਂ ਰਜਿਸਟ੍ਰੇਸ਼ਨ ਨੰਬਰ ਪ੍ਰਾਪਤ ਕੀਤੇ ਹਨ ਉਹ ਅਲਾਟਮੈਂਟ ਅਤੇ ਰਜਿਸਟ੍ਰੇਸ਼ਨ ਲਈ ਜਾ ਸਕਦੇ ਹਨ। -ਖੇਤਰੀ ਪ੍ਰਤੀਨਿਧ