ਜੰਮੂ, 17 ਅਗਸਤ
ਫ਼ੌਜ ਦੀ ਉੱਤਰੀ ਕਮਾਨ ਦੇ ਮੁਖੀ ਲੈਫਟੀਨੈਂਟ ਜਨਰਲ ਐੱਮਵੀ ਸੁਚਿੰਦਰ ਕੁਮਾਰ ਨੇ ਅੱਜ ਜੰਮੂ ਕਸ਼ਮੀਰ ਪੁਲੀਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਨਲਿਨ ਪ੍ਰਭਾਤ ਨਾਲ ਮੁਲਾਕਾਤ ਕੀਤੀ ਅਤੇ ਬਲਾਂ ਵਿਚਾਲੇ ਤਾਲਮੇਲ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਵਿਚਾਰ-ਚਰਚਾ ਕੀਤੀ। ਭਾਰਤੀ ਪੁਲੀਸ ਸੇਵਾ (ਆਈਪੀਐੱਸ) ਦੇ ਸੀਨੀਅਰ ਅਧਿਕਾਰੀ ਪ੍ਰਭਾਤ ਨੂੰ ਹਾਲ ਹੀ ਵਿੱਚ ਜੰਮੂ ਕਸ਼ਮੀਰ ਪੁਲੀਸ ਦਾ ਵਿਸ਼ੇਸ਼ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ 30 ਸਤੰਬਰ ਨੂੰ ਆਰਆਰ ਸਵੈਨ ਦੀ ਸੇਵਾਮੁਕਤੀ ਤੋਂ ਬਾਅਦ ਬਲ ਦੇ ਮੁਖੀ ਦਾ ਅਹੁਦਾ ਸੰਭਾਲਣਗੇ। ਉੱਤਰੀ ਕਮਾਨ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਉਸ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਨੇ ਨਵੇਂ ਨਿਯੁਕਤ ਵਿਸ਼ੇਸ਼ ਡਾਇਰੈਕਟਰ ਜਨਰਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਬਲਾਂ ਵਿਚਾਲੇ ਬਿਹਤਰ ਤਾਲਮੇਲ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਚਾਰ-ਚਰਚਾ ਕੀਤੀ। ਫ਼ੌਜ ਨੇ ਕਿਹਾ ਕਿ ਭਾਰਤੀ ਫ਼ੌਜ ਅਤੇ ਜੰਮੂ ਕਸ਼ਮੀਰ ਪੁਲੀਸ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਸ ਦੌਰਾਨ ਐੱਮਵੀ ਸੁਚਿੰਦਰ ਕੁਮਾਰ ਨੇ ਦੱਖਣੀ ਕਸ਼ਮੀਰ ਵਿੱਚ ਸੁਰੱਖਿਆ ਅਤੇ ਅਤਿਵਾਦ ਵਿਰੋਧੀ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। -ਪੀਟੀਆਈ