ਨਵੀਂ ਦਿੱਲੀ, 17 ਅਗਸਤ
ਭਾਰਤੀ ਪੈਰਾਲੰਪਿਕ ਕਮੇਟੀ (ਪੀਸੀਆਈ) ਦੇ ਪ੍ਰਧਾਨ ਦੇਵੇਂਦਰ ਝਾਝਰੀਆ ਨੇ ਕਿਹਾ ਕਿ ਡੋਪਿੰਗ ਨਿਯਮਾਂ ਦੀ ਉਲੰਘਣਾ ਕਾਰਨ ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਦਾ ਭਾਰਤੀ ਦਲ ’ਚੋਂ ਬਾਹਰ ਹੋਣਾ ਨਿਰਾਸ਼ਾਜਨਕ ਹੈ ਪਰ ਇਸ ਨਾਲ 28 ਅਗਸਤ ਤੋਂ ਸ਼ੁਰੂ ਹੋ ਰਹੀਆਂ ਪੈਰਾਲੰਪਿਕ ਖੇਡਾਂ ਲਈ ਉਨ੍ਹਾਂ ਦੇ 25 ਤਗ਼ਮਿਆਂ ਦੇ ਟੀਚੇ ’ਚ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਨੂੰ ਦੇਸ਼ ਦੇ ਬਾਕੀ ਖਿਡਾਰੀਆਂ ’ਤੇ ਪੂਰਾ ਭਰੋਸਾ ਹੈ। ਪੈਰਿਸ ਪੈਰਾਲੰਪਿਕ ਖੇਡਾਂ 28 ਅਗਸਤ ਤੋਂ 8 ਸਤੰਬਰ ਤੱਕ ਖੇਡੀਆਂ ਜਾਣਗੀਆਂ। ਇਸ ’ਚ ਭਾਰਤ ਦੇ 84 ਖਿਡਾਰੀ 12 ਖੇਡਾਂ ’ਚ ਤਗ਼ਮਿਆਂ ਲਈ ਜ਼ੋਰ ਲਾਉਣਗੇ। ਟੋਕੀਓ ਖੇਡਾਂ ਦੇ ਸੋਨ ਤਗ਼ਮਾ ਜੇਤੂ (ਪੁਰਸ਼ ਸਿੰਗਲਜ਼ ਐੱਲਐੱਲ-3 ਵਰਗ) ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਨੂੰ ਡੋਪਿੰਗ ਨਿਯਮਾਂ ਦੀ ਉਲੰਘਣਾ ਕਾਰਨ 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਮੋਦ ਬਾਰੇ ਪੁੱਛੇ ਜਾਣ ’ਤੇ ਝਾਝਰੀਆ ਨੇ ਕਿਹਾ ਕਿ ਅਜਿਹੇ ਮਾਮਲੇ ਨਾਲ ਨਜਿੱਠਣ ਦੀ ਸਾਰੀ ਜ਼ਿੰਮੇਵਾਰੀ ਖੁਦ ਖਿਡਾਰੀ ਦੀ ਹੁੰਦੀ ਹੈ। ਉਨ੍ਹਾਂ ਕਿਹਾ, “ਦੇਖੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਮੋਦ ਭਗਤ ਸਾਡਾ ਸਟਾਰ ਅਥਲੀਟ ਤੇ ਟੋਕੀਓ ਪੈਰਾਲੰਪਿਕਸ ਵਿੱਚ ਸੋਨ ਤਗ਼ਮਾ ਜੇਤੂ ਹੈ ਪਰ ਮੈਂ ਜੋ 25 ਤਗ਼ਮਿਆਂ ਦਾ ਟੀਚਾ ਰੱਖਿਆ ਹੈ, ਉਹ ਸਾਡੇ ਮੌਜੂਦਾ 84 ਖਿਡਾਰੀਆਂ ਦੀ ਟੀਮ ਦਾ ਹੈ। ਪ੍ਰਮੋਦ ਭਗਤ ਇਸ ਵਿੱਚ ਸ਼ਾਮਲ ਨਹੀਂ ਹੈ।’’ ਉਨ੍ਹਾਂ ਕਿਹਾ, “ਦੇਸ਼ ਲਈ ਪ੍ਰਮੋਦ ਦੀ ਪ੍ਰਾਪਤੀ ਬਹੁਤ ਵੱਡੀ ਹੈ ਪਰ ਖਿਡਾਰੀ ਨੂੰ ਖੇਡ ਦੇ ਨਿਯਮਾਂ ਤੇ ਕਾਨੂੰਨਾਂ ਦੀ ਪਾਲਣਾ ਕਰਨੀ ਹੁੰਦੀ ਹੈ।’’ -ਪੀਟੀਆਈ