ਖਗੜੀਆ/ਭਾਗਲਪੁਰ, 17 ਅਗਸਤ
ਬਿਹਾਰ ’ਚ ਗੰਗਾ ਨਦੀ ’ਤੇ ਉਸਾਰੀ ਅਧੀਨ ਪੁਲ ਦਾ ਇੱਕ ਹਿੱਸਾ ਅੱਜ ਸਵੇਰੇ ਢਹਿ ਗਿਆ। ਖਗੜੀਆ ਦੇ ਜ਼ਿਲ੍ਹਾ ਅਧਿਕਾਰੀ ਅਮਿਤ ਕੁਮਾਰ ਪਾਂਡੇ ਨੇ ਦੱਸਿਆ ਕਿ ਅਗੁਵਾਨੀ-ਸੁਲਤਾਨਗੰਜ ਪੁਲ ਦੀ ਇੱਕ ਸਲੈਬ ਸਵੇਰੇ ਤਕਰੀਬਨ ਅੱਠ ਵਜੇ ਡਿੱਗ ਪਈ। ਪਾਂਡੇ ਨੇ ਕਿਹਾ, ‘ਇੱਕ ਗੱਲ ਦੱਸਣਾ ਚਾਹਾਂਗਾ ਕਿ ਉਸਾਰੀ ਅਧੀਨ ਪੁਲ ਦਾ ਪੂਰਾ ਢਾਂਚਾ ਜਿਸ ਵਿੱਚ ਖਾਮੀਆਂ ਹਨ, ਨੂੰ ਠੇਕੇਦਾਰ ਵੱਲੋਂ ਤੋੜਿਆ ਜਾਣਾ ਹੈ। ਪੁਲ ਦਾ ਨਿਰਮਾਣ ਕਾਰਜ ਪਹਿਲਾਂ ਹੀ ਰੋਕ ਦਿੱਤਾ ਗਿਆ ਹੈ। ਠੇਕੇਦਾਰ ਪਟਨਾ ਹਾਈ ਕੋਰਟ ਦੀਆਂ ਹਦਾਇਤਾਂ ’ਤੇ ਢਾਂਚਾ ਤੋੜ ਰਿਹਾ ਹੈ।’ ਉਨ੍ਹਾਂ ਦੱਸਿਆ ਕਿ ਘਟਨਾ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਪਿਛਲੇ ਸਾਲ ਇਸ ਪੁਲ ਦੇ ਚਾਰ-ਪੰਜ ਪਿੱਲਰ ਢਹਿ ਗਏ ਸਨ ਜਿਸ ਨਾਲ ਪੁਲ ਦਾ ਪੂਰਾ ਹਿੱਸਾ ਨਦੀ ’ਚ ਡੁੱਬ ਗਿਆ ਸੀ। ਪਿਛਲੇ ਕੁਝ ਮਹੀਨਿਆਂ ’ਚ ਸੂਬੇ ’ਚ ਕਈ ਪੁਲ ਢਹਿ ਗਏ ਹਨ ਜਿਸ ਨਾਲ ਨਿਰਮਾਣ ਕਾਰਜਾਂ ਦੇ ਮਿਆਰ ’ਤੇ ਸਵਾਲ ਉੱਠਣ ਲੱਗੇ ਹਨ। -ਪੀਟੀਆਈ