ਗੁਰਿੰਦਰ ਸਿੰਘ
ਲੁਧਿਆਣਾ, 17 ਅਗਸਤ
ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਖ਼ਾਸ ਕਰਕੇ ਘੱਟ ਗਿਣਤੀਆਂ ਉੱਪਰ ਹੋ ਰਹੇ ਜ਼ੁਲਮਾਂ ਖ਼ਿਲਾਫ਼ ਰੋਸ ਪ੍ਰਗਟ ਲਈ ਕਰਨ ਲਈ ਧਰਮ ਸੁਰੱਖਿਆ ਮੰਚ ਵੱਲੋਂ ਰੋਸ ਰੈਲੀ ਕਰ ਕੇ ਮੋਮਬੱਤੀ ਮਾਰਚ ਕੱਢਿਆ ਗਿਆ ਜਿਸ ਵਿੱਚ ਭਾਰੀ ਗਿਣਤੀ ’ਚ ਲੋਕ ਸ਼ਾਮਲ ਹੋਏ। ਦੁਰਗਾ ਮਾਤਾ ਮੰਦਰ ਨਜ਼ਦੀਕ ਜਗਰਾਉਂ ਪੁਲ ’ਤੇ ਮੰਚ ਦੇ ਸਰਪ੍ਰਸਤ ਸੁਆਮੀ ਦਿਆਨੰਦ ਸਰਸਵਤੀ ਅਤੇ ਮਹੰਤ ਨਰਾਇਣ ਦਾਸ ਪੁਰੀ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਹਿੰਦੂਆਂ ਨੂੰ ਇੱਕ ਸ਼ਕਤੀ ਦੇ ਰੂਪ ਵਿੱਚ ਇੱਕਜੁੱਟ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਪੰਡਿਤ ਰਾਜਨ ਸ਼ਰਮਾ ਨੇ ਸਰਕਾਰ ਤੋਂ ਬੰਗਲਾ ਦੇਸ਼ ਦੇ ਮਾਮਲਿਆਂ ਪ੍ਰਤੀ ਸਖ਼ਤ ਕਦਮ ਉਠਾਉਣ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਜੋ ਘੱਟ ਗਿਣਤੀਆਂ ਦੀ ਜਾਨ ਮਾਲ ਦੀ ਰਾਖੀ ਹੋ ਸਕੇ। ਬੰਗਲਾਦੇਸ਼ ਵਿੱਚ ਸ਼ਾਂਤੀ ਸਥਾਪਨਾ ਦੀ ਮੰਗ ਲਈ ਕੱਢੇ ਗਏ ਮੋਮਬੱਤੀ ਮਾਰਚ ਵਿੱਚ ਸਾਧਵੀ ਅੰਮ੍ਰਿਤਾ ਦੀਦੀ ਨੇ ਹਿੰਦੂ ਔਰਤਾਂ ਨੂੰ ਸ਼ਸਤਰਧਾਰੀ ਹੋਣ ਦੀ ਅਪੀਲ ਕੀਤੀ। ਨਿਰਮਲਾ ਸੁਆਮੀ ਨੇ ਵਕਫ਼ ਬੋਰਡ ਦੀ ਸਮੱਸਿਆ ਬਾਰੇ ਰੋਸ਼ਨੀ ਪਾਉਂਦਿਆਂ ਇਸਨੂੰ ਭੰਗ ਕਰਨ ਦੀ ਮੰਗ ਕੀਤੀ। ਇਸ ਮੌਕੇ ਰਾਸ਼ਟਰਪਤੀ ਨੂੰ ਦੇਣ ਲਈ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਦਿਵਿਆ ਜੋਤੀ ਸੰਸਥਾਨ ਵੱਲੋਂ ਪ੍ਰਕਾਸ਼ ਨੰਦ ਜੀ, ਵੇਦ ਨਕਿਤਨ ਵੱਲੋਂ ਸਮੇਦਾ ਭਾਰਤੀ, ਉੱਤਮ ਧਾਮ ਵੱਲੋਂ ਨਿਰਮਲ ਸੁਆਮੀ, ਨਾਮਧਾਰੀ ਸਮਾਜ ਵੱਲੋਂ ਨਵਤੇਜ ਸਿੰਘ, ਮਹੰਤ ਗੁਰਦੇਵ ਬਾਬਾ ਜੀ ਅੱਤਰੀ ਅਤੇ ਮਹੰਤ ਪਰਵੀਨ ਚੌਧਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।